ਲੁਧਿਆਣਾ: ਬੁੱਢਾ ਨਾਲਾ ਨਾ ਸਿਰਫ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪੰਹੁਚਾ ਰਿਹੈ ਸਗੋਂ ਜਾਨਵਰਾਂ ਨੂੰ ਵੀ ਬੀਮਾਰੀਆਂ ਵੰਡ ਰਿਹਾ ਹੈ। ਇਸਦੀ ਗੰਦਗੀ ਦਾ ਸਭ ਤੋਂ ਵੱਧ ਅਸਰ ਦੁਧਾਰੂ ਪਸ਼ੂਆਂ 'ਤੇ ਵੇਖਣ ਨੂੰ ਮਿਲ ਰਿਹੈ। ਬੁੱਢੇ ਨਾਲੇ ਦੇ ਕੰਢੇ ਚਰਨ ਵਾਲੇ ਜਾਨਵਰ ਅਤੇ ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਦੁਧਾਰੂ ਜਾਨਵਰਾਂ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਖੂਨ ਵਿੱਚ ਮੈਟਲ ਅਤੇ ਲੈੱਡ ਦੀ ਮਾਤਰਾ ਵੀ ਵੱਧ ਹੈ ਜੋ ਦੁੱਧ ਨੂੰ ਖ਼ਰਾਬ ਰਹੀ ਹੈ।
ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਡਾਕਟਰਾਂ ਨੇ ਬੁੱਢੇ ਨਾਲੇ ਦੇ ਕੰਡੇ ਵੱਸਦੇ ਪਸ਼ੂਆਂ 'ਤੇ ਜਦੋਂ ਰਿਸਰਚ ਕੀਤੀ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ ਬਾਰੇ ਜਾਣਕਾਰੀ ਦਿੰਦਿਆਂ ਗਡਵਾਸੂ ਦੀ ਸੀਨੀਅਰ ਡਾਕਟਰ ਸੁਸ਼ਮਾ ਛਾਬੜਾ ਨੇ ਦੱਸਿਆ ਕਿ ਇਸ ਖੋਜ ਦੌਰਾਨ ਬੁੱਢੇ ਨਾਲੇ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ ਸੈਂਪਲ ਲਏ ਗਏ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਬੁੱਢਾ ਨਾਲਾ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਤਾਂ ਜਾਨਵਰ ਠੀਕ ਨੇ ਪਰ ਜਦੋਂ ਲੁਧਿਆਣਾ 'ਚੋਂ ਲੰਘਦਾ ਹੈ ਉਸ ਥਾਂ ਦੇ ਪਸ਼ੂਆਂ ਦੇ ਖੂਨ ਵਿੱਚ ਮੈਟਲ ਅਤੇ ਲੈੱਡ ਦੀ ਵੱਧ ਮਾਤਰਾ ਪਾਈ ਗਈ, ਜਿਸ ਕਾਰਨ ਦੁਧਾਰੂ ਜਾਨਵਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ।
ਸੋ ਇੱਕ ਪਾਸੇ ਜਿੱਥੇ ਬੁੱਢਾ ਨਾਲਾ ਸਥਾਨਕ ਵਾਸੀਆਂ ਵਿੱਚ ਕੈਂਸਰ, ਕਾਲਾ ਪੀਲੀਆ ਅਤੇ ਚਮੜੀ ਰੋਗ ਵਧਣ ਦਾ ਕਾਰਨ ਬਣ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਜਾਨਵਰ ਵੀ ਇਸਦੀ ਗੰਦਗੀ ਦੇ ਅਸਰ ਤੋਂ ਸਖਣੇ ਨਹੀਂ ਰਹੇ। ਖ਼ਾਸ ਤੌਰ 'ਤੇ ਦੁਧਾਰੂ ਪਸ਼ੂਆਂ ਦੀ ਸਿਹਤ 'ਤੇ ਪੈ ਰਿਹਾ ਮਾੜਾ ਪ੍ਰਭਾਵ ਸਿੱਧੇ ਤੌਰ 'ਤੇ ਦੁੱਧ ਦੀ ਕੁਆਲਿਟੀ ਨੂੰ ਖਤਮ ਕਰ ਰਿਹੈ।
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਮੇਅਰ ਸਣੇ 8 ਲੋਕਾਂ 'ਤੇ ਕੇਸ ਦਰਜ
ਈਟੀਵੀ ਭਾਰਤ ਜ਼ਿੰਮੇਵਾਰ ਪੱਤਰਕਾਰੀ ਕਰਨ ਦੇ ਰਾਹੇ ਚਲਦਿਆਂ, ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।