ਲੁਧਿਆਣਾ: ਸ਼ਹਿਰ ਵਿੱਚ ਜ਼ਿਆਦਾਤਰ ਪ੍ਰਾਜੈਕਟ ਉਸਾਰੀ ਅਧੀਨ ਹਨ। ਦੋ-ਦੋ ਸਾਲ ਪਹਿਲਾਂ ਇਨ੍ਹਾਂ ਪ੍ਰੋਜੈਕਟਾਂ ਨੂੰ ਤਿਆਰ ਕਰਨ ਦੀਆਂ ਮਿਆਦਾਂ ਖ਼ਤਮ ਹੋਣ ਦੇ ਬਾਵਜੂਦ ਇਹ ਹਾਲੇ ਤੱਕ ਪੂਰੇ ਨਹੀਂ ਹੋ ਸਕੇ ਹਨ ਜਿਸ ਕਰਕੇ ਲੁਧਿਆਣਾ ਵਾਸੀਆਂ ਨੂੰ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ ਲੁਧਿਆਣਾ ਹੀ ਨਹੀਂ ਸਗੋਂ, ਮੋਗਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਜਾਣ ਵਾਲੇ ਰਾਹਗੀਰ ਵੀ ਇਸ ਸਮੱਸਿਆ ਦੇ ਨਾਲ ਦੋ-ਚਾਰ ਹੋ ਰਹੇ ਹਨ। ਉਪਰੋਂ ਕਣਕਾਂ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ, ਪਹਿਲਾ ਹੀ ਮਿੱਟੀ ਦੀ ਕਮੀ ਨਹੀਂ ਹੈ ਅਤੇ ਉਸਾਰੀ ਅਧੀਨ ਅੱਧ ਵਿਚਕਾਰ ਪਏ ਪ੍ਰੋਜੈਕਟ ਵੀ ਹੁਣ ਸ਼ਹਿਰੀਆਂ ਲਈ ਜੰਜਾਲ ਬਣੇ ਹੋਏ ਹਨ। ਸਰਕਾਰਾਂ ਬਦਲੀਆਂ, ਪਰ ਲੁਧਿਆਣਾ ਦੇ ਹਾਲਾਤ ਨਹੀਂ ਬਦਲੇ ਹਨ।
ਅਧੂਰੇ ਪ੍ਰੋਜੈਕਟ: ਲੁਧਿਆਣਾ ਵਿੱਚ ਸਮਾਰਟ ਸਿਟੀ ਦੇ ਤਹਿਤ ਨੈਸ਼ਨਲ ਹਾਈਵੇ ਦੇ ਤਹਿਤ ਕਈ ਪ੍ਰੋਜੈਕਟ ਅੱਧ ਵਿਚਕਾਰ ਲਟਕੇ ਹੋਏ ਹਨ। 2019 ਵਿੱਚ ਸ਼ੁਰੂ ਹੋਇਆ ਪੱਖੋਵਾਲ ਰੋਡ ਆਰਓਬੀ ਅਤੇ ਆਰਯੂਬੀ ਪ੍ਰੋਜੈਕਟ ਸਤੰਬਰ 2021 ਵਿੱਚ ਪੂਰਾ ਹੋਣਾ ਸੀ, ਪਰ 2 ਸਾਲ ਵਧ ਦਾ ਸਮਾਂ ਹੋ ਚੁੱਕਾ ਹੈ, ਹਾਲੇ ਤਕ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਹੈ। ਲੁਧਿਆਣਾ ਤੋਂ ਐਮਐਲਏ, ਐਮਪੀ ਅਤੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨੂੰ ਸਾਲ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਦੀ ਸਮਾਂ ਸੀਮਾ ਦੇ ਨਾਲ ਲਾਗਤ ਵੀ ਵੱਧ ਕੇ 124 ਕਰੋੜ ਰੁਪਏ ਤੋਂ 132 ਕਰੋੜ ਰੁਪਏ ਹੋ ਚੁੱਕੀ ਹੈ। ਸਮਾਰਟ ਸਿਟੀ ਦੇ ਤਹਿਤ 145 ਕਰੋੜ ਦੀ ਲਾਗਤ ਨਾਲ 45 ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ, ਜਦਕਿ 20 ਪ੍ਰੋਜੈਕਟ 591 ਕਰੋੜ ਦੀ ਲਾਗਤ ਨਾਲ ਬੰਨ੍ਹ ਰਹੇ ਹਨ, ਜਿਹੜੇ ਹਾਲੇ ਤੱਕ ਪੂਰੇ ਨਹੀਂ ਹੋ ਸਕੇ। ਹੈਰਾਨੀ ਦੀ ਗੱਲ ਹੈ ਕਿ 193 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 7 ਪ੍ਰੋਜੈਕਟ ਨੂੰ ਹਾਲੇ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਣਾ ਹੈ।
ਸੜਕਾਂ ਦੇ ਹਾਲਾਤ: ਲੁਧਿਆਣਾ ਵਿਚ ਅਧੁਰੇ ਪਏ ਵਿਕਾਸ ਪ੍ਰੋਜੈਕਟ ਹੀ ਨਹੀਂ, ਸਗੋਂ ਸੜਕਾਂ ਵੀ ਖਸਤਾ ਹਾਲਤ ਦੇ ਵਿੱਚ ਹਨ, ਜਿਨ੍ਹਾਂ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੁਧਿਆਣਾ ਪਖੋਵਾਲ ਰੋਡ ਪ੍ਰਜੈਕਟ ਨੂੰ ਪਹਿਲਾ ਖ਼ੁਦਾਈ ਕਰ ਕੇ ਪੁੱਟ ਲਿਆ ਗਿਆ, ਪਰ ਹਾਲੇ ਤੱਕ ਉਸ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ ਗਿਆ ਹੈ। ਪੀਡਬਲਿਊਡੀ ਮੰਤਰੀ ਇਸ ਪ੍ਰੋਜੈਕਟ ਦਾ ਉਦਘਾਟਨ ਕਰਕੇ ਗਏ ਸਨ। ਇਸ ਤੋ ਇਲਾਵਾ ਰਾਹੋਂ ਰੋਡ, ਫਿਰੋਜ਼ਪੁਰ ਰੋਡ, ਮਲਹਾਰ ਰੋਡ, ਸਮਰਾਲਾ ਰੋਡ, 200 ਫੁੱਟ ਰੋਡ, ਪੱਖੋਵਾਲ ਰੋਡ, ਢੰਡਾਰੀ ਰੋਡ ਕਈ ਅਜਿਹੀਆਂ ਸੜਕਾਂ ਹਨ ਜਿਨ੍ਹਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਤੋਂ ਨਿਕਲਣਾ ਸ਼ਹਿਰ ਵਾਸੀਆਂ ਲਈ ਕਿਸੇ ਜੋਖਮ ਤੋਂ ਘੱਟ ਨਹੀਂ ਹੈ। ਲੁਧਿਆਣਾ ਪਖੋਵਾਲ ਰੋਡ ਉੱਤੇ ਦੁਕਾਨ ਚਲਾਉਣ ਲਈ ਇਕ ਬਜ਼ੁਰਗ ਨੇ ਦੱਸਿਆ ਕਿ ਨਾ ਸਿਰਫ ਰੋਜ਼ਾਨਾ ਮਿੱਟੀ ਖਾ ਰਹੇ ਨੇ, ਸਗੋਂ ਘਰ ਜਾਣ ਲੱਗੇ ਨਾਲ ਵੀ ਲੈ ਕੇ ਜਾਂਦੇ ਹਨ।
ਪ੍ਰਦੂਸ਼ਣ ਅਤੇ ਮਿੱਟੀ ਦਾ ਸੁਮੇਲ: ਲੁਧਿਆਣਾ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ੁਮਾਰ ਹੈ। ਲੁਧਿਆਣਾ ਦਾ AQI ਹਮੇਸ਼ਾ ਹੀ 200 ਵੱਧ ਨਹੀਂ ਰਹਿੰਦਾ ਹੈ, ਜੋ ਕਿ ਬੇਹੱਦ ਖਰਾਬ ਆਬੋ ਹਵਾ ਦੇ ਵਿੱਚ ਸ਼ਾਮਲ ਹੈ। ਉਸ ਤੋਂ ਬਾਅਦ ਸ਼ਹਿਦ ਵਿੱਚ ਉਸਾਰੀ ਅਧੀਨ ਚੱਲ ਰਹੇ ਵਿਕਾਸ ਕਾਰਜ ਕਰਕੇ ਮਿੱਟੀ ਘਟਾ ਇਸ ਕਦਰ ਉੱਡਦਾ ਹੈ ਕਿ ਦਿਨ ਵੇਲੇ ਵੀ ਵਿਜ਼ਿਬਿਲਤੀ ਘੱਟ ਜਾਂਦੀ ਹੈ। ਪ੍ਰਦੂਸ਼ਣ ਅਤੇ ਮਿੱਟੀ ਦੇ ਸੁਮੇਲ ਨੇ ਲੋਕਾਂ ਨੂੰ ENT ਮਾਹਿਰਾਂ ਕੋਲ ਭੇਜਣਾ ਲਾ ਦਿੱਤਾ ਹੈ। ਡਾਕਟਰਾਂ ਮੁਤਾਬਿਕ ਇਹ ਖਤਨਾਕ ਹੈ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਂਹ ਦੀਆਂ ਬਿਮਾਰੀਆਂ ਦੇ ਨਾਲ ਅੱਖਾਂ ਦੀਆਂ ਬਿਮਾਰੀਆਂ, ਗਲੇ ਦੀਆਂ ਬਿਮਾਰੀਆਂ ਆਦਿ ਘੇਰ ਰਹੀਆਂ ਹਨ। ਲੋਕਾਂ ਦੇ ਕੰਮ ਕਾਰ ਠੱਪ ਹੋ ਰਹੇ ਹਨ। ਲੋਕ ਘਰੋਂ ਨਿਕਲਣ ਤੋਂ ਗੁਰੇਜ਼ ਕਰਨ ਲੱਗ ਗਏ ਹਨ। ਖਾਸ ਕਰਕੇ ਜਿਹੜੇ ਲੋਕ ਦੋਪਹੀਆਂ ਵਾਹਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਗੋਗਲ ਅਤੇ ਮੂੰਹ ਉਤੇ ਕਪੜਾ ਬੰਨ੍ਹ ਕੇ ਨਿਕਲਣਾ ਪੈਂਦਾ ਹੈ।
ਐਮਐਲਏ ਅਤੇ ਐਮਪੀ ਦੀ ਸਫਾਈ: ਲੁਧਿਆਣਾ ਵਿੱਚ ਅਧੁਰੇ ਪਏ ਵਿਕਾਸ ਪ੍ਰਾਜੈਕਟਾਂ ਅਤੇ ਆਪਣੇ ਸਮੇਂ ਸਿਰ ਨਾ ਬਣ ਪਏ ਪ੍ਰਾਜੈਕਟਾਂ ਨੂੰ ਲੈ ਕੇ ਜਦੋਂ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ 2023 ਦੇ ਆਖਰ ਤੱਕ ਸਾਰੀ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਠੇਕੇਦਾਰ ਦੀਆਂ ਗਲਤੀਆਂ ਕਰਕੇ ਕੰਮ ਹੁਣ ਚੱਲ ਰਿਹਾ ਸੀ ਅਤੇ ਹੁਣ ਉਨ੍ਹਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅਤੇ ਹੁਣ ਕੰਮ ਤੇਜ਼ੀ ਨਾਲ ਹੋਣਗੇ।
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਸੈਂਟਰ ਸਰਕਾਰ ਵੱਲੋਂ ਪੈਸਾ ਜਾਰੀ ਕੀਤਾ ਗਿਆ ਹੈ, ਪਰ ਕਈ ਵਾਰ ਅਜਿਹੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਜਾਂਦਾ ਹੈ, ਜੋ ਸਮੇਂ ਸਿਰ ਕੰਮ ਨਹੀਂ ਕਰ ਪਾਉਂਦਾ ਜਾਂ ਜਿਸ ਕੋਲ ਮਸ਼ਿਨਰੀ ਨਹੀਂ ਹੁੰਦੀ ਜਾਂ ਫਿਰ ਕਿਸੇ ਕੋਲ ਤਜਰਬੇ ਦੀ ਕਮੀ ਹੁੰਦੀ ਹੈ। ਇਸ ਕਰਕੇ ਪ੍ਰੋਜੈਕਟ ਵਿੱਚ ਦੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਪ੍ਰਾਜੈਕਟ ਪੂਰੇ ਕਰਨਗੇ, ਸਗੋਂ ਇਨ੍ਹਾਂ ਪ੍ਰਾਜੈਕਟਾਂ ਦੇ ਵਿਚ ਧਾਂਧਲੀ ਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Transgender voters of Ludhiana: 'ਵੋਟਾਂ ਬਣ ਸਕਦੀਆਂ ਹਨ ਤਾਂ ਸਾਡੇ ਲਈ ਵੱਖਰੇ ਪਖਾਨੇ ਕਿਉਂ ਨਹੀਂ'