ਲੁਧਿਆਣਾ: ਮੰਗਲਵਾਰ ਬਾਅਦ ਦੁਪਹਿਰ ਨੂੰ ਜਿੱਥੇ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਥੇ ਹੀ ਖੰਨਾ ਅਤੇ ਆਸਪਾਸ ਦੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਸਾਰ ਹੀ ਲੋਕਾਂ 'ਚ ਹਲਚਲ ਮਚ ਗਈ। ਹਾਲਾਂਕਿ ਇਹ ਭੂਚਾਲ ਜ਼ਿਆਦਾ ਜ਼ਬਰਦਸਤ ਨਹੀਂ ਸੀ, ਜਿਸ ਕਾਰਨ ਕਈ ਲੋਕਾਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੋਇਆ, ਪਰ ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਥੇ ਇੱਕ ਵਾਰੀ ਤਾਂ ਡਰ ਦਾ ਮਾਹੌਲ ਬਣ ਗਿਆ।
ਲੋਕ ਆਏ ਸੜਕਾਂ ਉੱਤੇ: ਸ਼ਹਿਰ ਦੀ ਐਜੂਕੇਸ਼ਨ ਹੱਬ ਜੀਟੀਬੀ ਮਾਰਕਿਟ ਵਿੱਚ ਭੂਚਾਲ ਆਉਣ ਦਾ ਰੌਲਾ ਪੈਂਦੇ ਹੀ ਕਲਾਸਾਂ ਲਗਾ ਰਹੇ ਅਧਿਆਪਕ ਅਤੇ ਵਿਦਿਆਰਥੀ ਤੁਰੰਤ ਸਟੱਡੀ ਸੈਂਟਰਾਂ ਤੋਂ ਬਾਹਰ ਆ ਗਏ। ਸੁਰੱਖਿਆ ਦੇ ਮੱਦੇਨਜ਼ਰ ਕਾਫੀ ਸਮੇਂ ਤੱਕ ਅਧਿਆਪਕ ਅਤੇ ਵਿਦਿਆਰਥੀ ਖੁੱਲ੍ਹੀ ਥਾਂ ਖੜ੍ਹੇ ਰਹੇ। ਇਸ ਉਪਰੰਤ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਇੱਕ ਸਟੱਡੀ ਸੈਂਟਰ ਦੇ ਕਰਮਚਾਰੀ ਜਸਮੇਲ ਸਿੰਘ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਜੋ਼ਰ ਨਾਲ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਉਹ ਦਫਤਰ ਤੋਂ ਬਾਹਰ ਨਿਕਲੇ। ਰਿਸੈਪਸ਼ਨ 'ਤੇ ਪੁੱਛ-ਗਿੱਛ ਲਈ ਬੈਠੇ ਲੋਕ ਵੀ ਬਾਹਰ ਭੱਜੇ ਆਏ। ਵਿਦਿਆਰਥੀ ਕਲਾਸਾਂ ਵਿੱਚ ਸਨ ਜਿਨ੍ਹਾਂ ਨੂੰ ਚੌਕਸ ਕੀਤਾ ਗਿਆ ਅਤੇ ਸੁਰੱਖਿਆ ਦੇ ਮੱਦੇਨਜਰ ਬਾਹਰ ਕੱਢਿਆ ਗਿਆ। ਕਾਫੀ ਦੇਰ ਇੰਤਜ਼ਾਰ ਕਰਨ ਮਗਰੋਂ ਫਿਰ ਕਲਾਸਾਂ ਸ਼ੁਰੂ ਕੀਤੀਆਂ ਗਈਆਂ।
ਜਾਨੀ-ਮਾਲੀ ਨੁਕਸਾਨ ਤੋਂ ਬਚਾਅ: ਜੀਟੀਬੀ ਮਾਰਕੀਟ ਵਿੱਚ ਮੌਜੂਦ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖਾਣਾ ਖਾ ਰਿਹਾ ਸੀ ਤਾਂ ਅਚਾਨਕ ਧਰਤੀ ਹਿੱਲਣ ਲੱਗੀ। ਇਮਾਰਤ ਵੀ ਹਿੱਲਣ ਲੱਗੀ ਤਾਂ ਉਹ ਆਪਣੇ ਸਾਥੀ ਸਮੇਤ ਬਾਹਰ ਆ ਗਿਆ। ਬਾਕੀ ਸਾਰੇ ਲੋਕਾਂ ਨੂੰ ਵੀ ਬੁਲਾ ਕੇ ਬਾਹਰ ਕੱਢ ਲਿਆ ਗਿਆ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨਾਲ ਕੋਈ ਨੁਕਸਾਨ ਨਾ ਹੋਵੇ। ਅੰਸ਼ ਪੁਰੀ ਨੇ ਦੱਸਿਆ ਕਿ ਉਹ ਜੀਟੀਬੀ ਮਾਰਕਿਟ ਵਿਖੇ ਇੱਕ ਦਫ਼ਤਰ 'ਚ ਆਇਆ ਸੀ ਅਤੇ ਸੋਫੇ ’ਤੇ ਬੈਠਾ ਸੀ। ਫਿਰ ਭੂਚਾਲ ਦੇ ਝਟਕਿਆਂ ਕਾਰਨ ਸੋਫਾ ਹਿੱਲਣ ਲੱਗਾ। ਉਹ ਸਾਰੇ ਬਾਹਰ ਭੱਜ ਆਏ। ਅੰਸ਼ ਨੇ ਦੱਸਿਆ ਕਿ ਝਟਕਾ ਇੰਨਾ ਜ਼ਬਰਦਸਤ ਸੀ ਕਿ ਸਾਰਾ ਸੋਫਾ ਹਿੱਲ ਗਿਆ ਅਤੇ ਉਸ ਦਾ ਸਿਰ ਚਕਰਾਉਣ ਲੱਗਾ ਸੀ। ਉਸਨੇ ਰੌਲਾ ਪਾਇਆ ਅਤੇ ਦਫ਼ਤਰ ਵਿੱਚੋਂ ਸਾਰੇ ਜਣੇ ਬਾਹਰ ਆ ਗਏ। ਮਲੇਰਕੋਟਲਾ ਰੋਡ ’ਤੇ ਸ਼ਿਵ ਮੰਦਰ ਨੇੜੇ ਰਹਿੰਦੇ ਸੁਖਬੀਰ ਸਿੰਘ ਖਹਿਰਾ ਨੇ ਦੱਸਿਆ ਕਿ ਉਹ ਆਪਣੇ ਘਰ ਬੈਠੇ ਸਨ। ਬਾਅਦ ਦੁਪਹਿਰ 1 ਵੱਜਕੇ 35 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਹ ਪਰਿਵਾਰ ਸਮੇਤ ਬਾਹਰ ਨਿਕਲਿਆ। ਆਂਢ-ਗੁਆਂਢ ਦੇ ਲੋਕ ਵੀ ਬਾਹਰ ਆ ਗਏ। ਕਰੀਬ ਡੇਢ ਮਹੀਨਾ ਪਹਿਲਾਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰੱਬ ਅਜਿਹੀ ਆਫਤ ਤੋਂ ਬਚਾਅ ਰੱਖੇ।