ਲੁਧਿਆਣਾ: ਪੰਜਾਬ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿਹਤ ਦੀ ਗਰੰਟੀ ਸੂਬਾ ਵਾਸੀਆਂ ਨੂੰ ਦਿੱਤੀ ਗਈ ਸੀ, ਜਿਸ ਨੂੰ ਲੈਕੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹਰ ਪਿੰਡ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਸਰਕਾਰ ਆਪਣੇ ਵਾਅਦੇ ਨੂੰ ਪੁਗਾਉਂਦੇ ਹੋਏ ਮੁਹੱਲਾ ਕਲੀਨਿਕ ਤਾਂ ਖੋਲ੍ਹ ਰਹੀ ਹੈ, ਪਰ ਇਸ ਦਾ ਖਮਿਆਜ਼ਾ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ 16 ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਉਤੇ ਤਾਲਾ ਲੱਗ ਚੁੱਕਾ ਹੈ, ਜ਼ਿਆਦਾਤਰ ਡਿਸਪੈਂਸਰੀਆਂ ਵਿੱਚ ਸਟਾਫ ਦੀ ਵੱਡੀ ਕਮੀ ਹੈ। ਸਰਕਾਰੀ ਡਿਸਪੈਂਸਰੀਆਂ ਤੋਂ ਡਾਕਟਰ ਗਾਈਬ ਹਨ ਅਤੇ ਮੁਹੱਲਾ ਕਲਿਨਿਕਾਂ ਵਿੱਚ ਉਹ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹ ਅਸੀਂ ਨਹੀਂ ਸਗੋਂ ਪਿੰਡਾਂ ਦੇ ਸਰਪੰਚ ਅਤੇ ਰਹਿੰਦੀਆਂ-ਖੂਹੰਦੀਆਂ ਡਿਸਪੈਂਸਰੀਆਂ ਅੰਦਰ ਕੰਮ ਕਰ ਰਿਹਾ ਸਟਾਫ ਦੱਸ ਰਿਹਾ ਹੈ।
ਲੁਧਿਆਣਾ ਜ਼ਿਲ੍ਹੇ ਵਿੱਚ 16 ਡਿਸਪੈਂਸਰੀਆਂ ਬੰਦ : ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਮੁਹੱਲਾ ਕਲੀਨੀਕ ਖੁੱਲਣ ਕਰਕੇ 16 ਪਿੰਡਾਂ ਵਿੱਚ ਡਿਸਪੈਂਸਰੀਆਂ ਬੰਦ ਹੋ ਚੁੱਕੀਆਂ ਹਨ, ਜਿਨ੍ਹਾਂ ਪਿੰਡਾਂ ਵਿੱਚ ਹੁਣ ਡਿਸਪੈਂਸਰੀਆਂ ਚੱਲ ਰਹੀਆਂ ਹਨ ਉਹ "ਵੈਂਟੀਲੇਟਰ" ਉਤੇ ਹਨ। ਸਟਾਫ਼ ਦੀ ਕਮੀ ਦੇ ਨਾਲ ਸਰਕਾਰੀ ਡਿਸਪੈਂਸਰੀਆਂ ਜੂਝ ਰਹੀਆਂ ਹਨ। ਲੁਧਿਆਣਾ ਦੇ ਪਿੰਡ ਫੁੱਲਾਂਵਾਲ, ਸਿੱਧਵਾਂ ਕਲਾਂ, ਲੀਲਾ ਮੇਘ ਸਿੰਘ, ਬੀਜਾ, ਅਲੂਣਾ ਮਿਆਨਾ, ਅਯਾਲੀ ਕਲਾਂ, ਭੈਣੀ, ਪੰਡੋਰੀ, ਸਹੋਲੀ, ਹਿਸੋਵਾਲ, ਪਮਾਲ ਅਤੇ ਖਟਖਟ ਵਿੱਚ ਡਿਸਪੈਂਸਰੀਆਂ ਬੰਦ ਹੋ ਚੁੱਕੀਆਂ ਨੇ। ਲੁਧਿਆਣਾ ਦੇ ਫੁੱਲਾਂਵਾਲ ਪੰਚਾਇਤ ਅਧੀਨ 45 ਹਜ਼ਾਰ ਲੋਕਾਂ ਦੀ ਆਬਾਦੀ, ਜਿਨ੍ਹਾ ਵਿੱਚੋਂ 15 ਹਜ਼ਾਰ ਦੇ ਕਰੀਬ ਪ੍ਰਵਾਸੀ ਹਨ। ਉਨ੍ਹਾਂ ਲਈ ਇੱਕਲੌਤੀ ਡਿਸਪੈਂਸਰੀ ਬੰਦ ਹੋ ਚੁੱਕੀ ਹੈ। ਪਿੰਡ ਵਿੱਚ ਚੱਲ ਰਹੇ ਹੈਲਥ ਸੈਂਟਰ ਵਿੱਚ ਇਕੋ ਹੀ ਕਮਿਊਨਟੀ ਹੈਲਥ ਅਫ਼ਸਰ ਕੰਮ ਕਰ ਰਹੀ ਹੈ, ਜਿਨ੍ਹਾਂ ਦੱਸਿਆ ਕਿ 'ਸਾਡੀ ਡਿਸਪੈਂਸਰੀ ਵਿੱਚ 1 ਡਾਕਟਰ ਕਮਲਦੀਪ ਕੌਰ posted ਸੀ, ਜਿਸ ਦਾ ਤਬਾਦਲਾ ਕਿਸੇ ਮੁਹੱਲਾ ਕਲੀਨਿਕ ਵਿੱਚ ਕਰ ਦਿੱਤਾ ਗਿਆ ਹੈ। ਸਾਡੇ ਕੋਲ ਸਟਾਫ ਦੀ ਵੱਡੀ ਕਮੀ ਹੈ, ਸਿਰਫ ਤਿੰਨ ਮੈਂਬਰ ਹੀ ਪੂਰਾ ਹੈਲਥ ਸੈਂਟਰ ਸੰਭਾਲ ਰਹੇ ਹਨ।
ਸਰਕਾਰੀ ਡਿਸਪੈਂਸਰੀ ਤੋਂ ਤਬਾਦਲੇ : ਸਰਕਾਰੀ ਡਿਸਪੈਂਸਰੀਆਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੋਂ ਵੱਡੀ ਤਦਾਦ ਵਿੱਚ ਸਟਾਫ ਨੂੰ ਤਬਾਦਲੇ ਕਰ ਕੇ ਮੁਹੱਲਾ ਕਲੀਨਿਕ ਵਿਚ ਤਾਇਨਾਤ ਕੀਤਾ ਜਾ ਰਿਹਾ, ਜਿਸ ਦੀ ਸਭ ਤੋਂ ਵੱਡੀ ਮਿਸਾਲ ਫੁੱਲਾਂਵਾਲ ਪਿੰਡ ਦੀ ਡਿਸਪੈਂਸਰੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਡਿਸਪੈਂਸਰੀ ਲਈ ਪੰਚਾਇਤੀ ਜ਼ਮੀਨ ਦਾਨ ਕੀਤੀ ਸੀ। ਹੁਣ ਤੱਕ ਡਿਸਪੈਂਸਰੀ ਵਧੀਆ ਢੰਗ ਨਾਲ ਚੱਲ ਰਹੀ ਸੀ, ਪਰ ਸਰਕਾਰ ਆਉਣ ਤੋਂ ਬਾਅਦ ਮੁਹੱਲਾ ਕਲੀਨਿਕ ਖੋਲ੍ਹਣ ਦੀ ਏਵਜ਼ ਦੇ ਵਿੱਚ ਸਰਕਾਰ ਵੱਲੋਂ ਸਰਕਾਰੀ ਡਿਸਪੈਂਸਰੀਆਂ ਦਾ ਸਟਾਫ਼ ਮੁਹੱਲਾ ਕਲੀਨੀਕ ਦੇ ਵਿੱਚ ਲਾ ਦਿੱਤਾ ਗਿਆ। ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਇਲਾਕੇ ਵਿੱਚ ਵੱਡੀ ਗਿਣਤੀ ਚ ਪਰਵਾਸੀ ਰਹਿੰਦੇ ਹਨ, ਜਿਹੜੇ ਅਸਾਨੀ ਨਾਲ ਡਿਸਪੈਂਸਰੀ ਤੋਂ ਆਪਣਾ ਇਲਾਜ ਕਰਵਾ ਰਹੇ ਸਨ, ਪਰ ਹੁਣ ਉਹਨਾਂ ਨੂੰ ਸਰਕਾਰੀ ਹਸਪਤਾਲ ਜਾਂ ਦੂਰ-ਦੁਰਾਡੇ ਮੁਹੱਲਾ ਕਲੀਨਿਕ ਜਾਣਾ ਪੈਂਦਾ ਹੈ।
ਸਟਾਫ ਦੀ ਕਮੀ : ਪੰਜਾਬ ਵਿੱਚ ਜਿਹੜੀਆਂ ਡਿਸਪੈਂਸਰੀਆਂ ਚੱਲ ਹੀ ਰਹੀਆਂ ਹਨ, ਉਹ ਸਟਾਫ਼ ਦੀ ਕਮੀ ਦੇ ਨਾਲ ਜੂਝ ਰਹੀਆਂ ਹਨ। ਸਟਾਫ ਦਾ ਤਬਾਦਲਾ ਮੁਹੱਲਾ ਕਲੀਨੀਕ ਆਦਿ ਵਿਚ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਪਹਿਲਾਂ 100 ਮੁਹੱਲਾ ਕਲੀਨਿਕ, ਫਿਰ 404 ਅਤੇ ਹੁਨ ਮੁੜ ਤੋਂ ਮੁੱਖ ਮੰਤਰੀ ਦਿੱਲੀ ਵੱਲੋਂ ਬੀਤੇ ਦਿਨੀਂ ਪੰਜਾਬ ਆਕੇ 80 ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਪੰਜਾਬ ਵਿੱਚ ਕੁਲ 580 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਨੇ ਪਰ ਸਰਕਾਰੀ ਡਿਸਪੈਂਸਰੀਆਂ ਪਿੰਡਾਂ ਵਿੱਚ ਬੰਦ ਹੋ ਰਹੀਆਂ ਹਨ। 404 ਮੁਹੱਲਾ ਕਲੀਨਿਕ ਖੋਲ੍ਹਣ ਸਮੇਂ ਸਰਕਾਰ ਵੱਲੋਂ ਪੰਜਾਬ ਸਿਵਲ ਮੈਡੀਕਲ ਸਰਵਿਸ ਦੇ 202 ਡਾਕਟਰ, 135 ਰੂਰਲ ਮੈਡੀਕਲ ਅਫ਼ਸਰ, ਫਾਰਮਸਿਸਟ ਅਤੇ ਦਰਜਾ 4 ਮੁਲਾਜ਼ਮਾਂ ਨੂੰ ਮੁਹੱਲਾ ਕਲੀਨਿਕ ਅੰਦਰ ਤਬਾਦਲੇ ਕਰ ਦਿੱਤਾ ਗਿਆ ਸੀ।
ਪਿੰਡ ਵਾਸੀ, ਸਰਪੰਚ ਅਤੇ ਸਟਾਫ ਪ੍ਰੇਸ਼ਾਨ : ਸਰਕਾਰ ਦੇ ਮੁਹੱਲਾ ਕਲੀਨਿਕ ਦੇ ਸਿਸਟਮ ਤੋਂ ਪਿੰਡ ਵਾਸੀ, ਪਿੰਡ ਦੇ ਸਰਪੰਚ, ਇਥੋਂ ਤੱਕ ਕਿ ਹੈਲਥ ਸੈਂਟਰਾਂ ਦਾ ਸਟਾਫ ਵੀ ਪਰੇਸ਼ਾਨ ਹੋ ਚੁੱਕਾ ਹੈ। ਲੁਧਿਆਣਾ ਫੁੱਲਾਵਾਲ ਪਿੰਡ ਦੀ ਮੈਡੀਕਲ ਅਫਸਰ ਨੇ ਕਿਹਾ ਕਿ ਤਿੰਨ ਮੈਂਬਰ ਹੈਲਥ ਸੈਂਟਰ ਚਲਾ ਰਹੇ ਹਨ, ਜਦਕਿ ਚਾਰ ਏਐਨਐਨ ਦੀ ਲੋੜ ਹੈ। ਸਟਾਫ਼ ਦੀ ਵੱਡੀ ਕਿੱਲਤ ਹੈ। ਸਰਪੰਚ ਮੁਤਾਬਕ 40 ਸਾਲ ਤੋਂ ਡਿਸਪੈਂਸਰੀ ਚੱਲ ਰਹੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਪਿੱਠ ਥਪਥਪਾਉਣ ਲਈ ਤਬਾਹ ਕਰ ਦਿੱਤਾ। ਨੇੜੇ ਤੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਸਿਹਤ ਸੁਵਿਧਾਵਾਂ ਦੇ ਲਈ ਸਫਰ ਕਰ ਕੇ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਇਸ ਵਿੱਚ ਸਾਨੂੰ ਪਰੇਸ਼ਾਨੀ ਹੁੰਦੀ ਹੈ। ਡਿਸਪੈਂਸਰੀ ਵਿੱਚ ਹਰ ਤਰ੍ਹਾਂ ਦਾ ਇਲਾਜ ਹੁੰਦਾ ਸੀ, ਜੋ ਕਿ ਹੁਣ ਬੰਦ ਹੋ ਚੁੱਕੀ ਹੈ।