ਲੁਧਿਆਣਾ: ਲੁਧਿਆਣਾ ਦੇ ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਲੁਧਿਆਣਾ 'ਚ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਪਠਾਨਕੋਟ ਦੇ ਮੀਰਥਲ ਪਿੰਡ ਤੋਂ ਇੱਕ ਕਿੱਲੋ ਹੈਰੋਇਨ ਅਤੇ ਕਰੀਬ 1 ਕਰੋੜ 2 ਲੱਖ 90 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਣ ਦੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ। ਜਾਣਕਾਰੀ ਦਿੰਦਿਆਂ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ ਦੇ ਪਿੰਡ ਮੀਰਥਲ ਦੇ ਦੀਨਾਨਗਰ ਰੋਡ ਤੇ ਸਥਿੱਤ ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਗੱਡੀ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ 1 ਕਰੋੜ 2 ਲੱਖ 90 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ 'ਚ ਬਲਵਿੰਦਰ ਸਿੰਘ ਨਾਂ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ ਜਦੋਂ ਕਿ ਉਸ ਦੇ ਦੋ ਸਾਥੀ ਰਣਜੀਤ ਸਿੰਘ ਰਾਣਾ ਅਤੇ ਜਰਮਨਜੀਤ ਸਿੰਘ ਉਰਫ਼ ਭੋਲਾ ਭੱਜਣ 'ਚ ਸਫ਼ਲ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਨਸ਼ਾ ਤਸਕਰੀ ਦੇ ਧੰਦੇ 'ਚ ਲੰਮੇ ਸਮੇਂ ਤੋਂ ਸਰਗਰਮ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਬਲਵਿੰਦਰ ਸਿੰਘ ਦਾ ਸਾਥੀ ਰਣਜੀਤ ਸਿੰਘ ਰਾਣਾ ਅੰਮ੍ਰਿਤਸਰ ਅਟਾਰੀ ਤੋਂ ਬਰਾਮਦ ਕੀਤੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਵੀ ਲੋੜੀਂਦਾ ਹੈ ਜਿਸ ਦੀ ਤਾਰ ਪਾਕਿਸਤਾਨ ਨਾਲ ਜੁੜੇ ਹੋਣ 'ਤੇ ਸ਼ੱਕ ਹੈ।
ਇਹ ਵੀ ਪੜ੍ਹੋ- ਕਲੋਜ਼ਰ ਰਿਪੋਰਟ ਸਰਕਾਰ ਦੀ ਡਰਾਮੇਬਾਜ਼ੀ: ਸੁਖਬੀਰ ਬਾਦਲ
ਭਾਵੇਂ ਇਹ ਪੂਰੀ ਬਰਾਮਦੀ ਪਠਾਨਕੋਟ ਤੋਂ ਕੀਤੀ ਗਈ ਹੈ ਪਰ ਇਸ ਦੀ ਪ੍ਰੈਸ ਕਾਨਫਰੰਸ ਐਸਟੀਐਫ ਵੱਲੋਂ ਲੁਧਿਆਣਾ 'ਚ ਕੀਤੀ ਗਈ ਹੈ। ਸਨੇਹਦੀਪ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮ ਨਾਲ ਗੱਲਬਾਤ ਦੌਰਾਨ ਨਸ਼ਾ ਤਸਕਰੀ ਦੇ ਕਈ ਹੋਰ ਖ਼ੁਲਾਸੇ ਵੀ ਹੋ ਸਕਦੇ ਹਨ।