ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਬੀਤੇ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਚਾਰ ਦਰਜਾ 4 ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਅੱਜ ਡਾਕਟਰਾਂ ਅਤੇ ਸਟਾਫ ਨੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਸਾਰੇ ਹੀ ਡਾਕਟਰ ਅਤੇ ਹਸਪਤਾਲ ਸਟਾਫ ਕੰਮ ਕਾਰ ਛੱਡ ਕੇ ਸਰਕਾਰ ਦੇ ਵਿਰੁੱਧ ਨਿੱਤਰ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਮਾਸਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਉਹ ਬਹੁਤ ਹੀ ਘਟੀਆ ਕੁਆਲਿਟੀ ਦੇ ਹਨ। ਉਨ੍ਹਾਂ ਵਿੱਚ ਸਿਲਾਈਆਂ ਹਨ ਜਿਸ ਰਾਹੀਂ ਕਿਸੇ ਵੀ ਤਰ੍ਹਾਂ ਦਾ ਵਾਇਰਸ ਆਸਾਨੀ ਨਾਲ ਉਨ੍ਹਾਂ ਦੇ ਅੰਦਰ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਾਂ ਅਤੇ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ। ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਅਨਮੋਲ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਮਾਸਕ ਉਨ੍ਹਾਂ ਤੱਕ ਕਿਵੇਂ ਪਹੁੰਚਦੇ ਹਨ, ਕੌਣ ਸਪਲਾਈ ਕਰਦਾ ਹੈ, ਕਿਸ ਦੇ ਕੋਲ ਠੇਕਾ ਹੈ ਪਰ ਸਿਰਫ ਇਹ ਜਾਣਦੇ ਹਨ ਕਿ ਇਹ ਮਾਸਕ ਬਹੁਤ ਘਟੀਆ ਕੁਆਲਟੀ ਦੇ ਹਨ।
ਉਨ੍ਹਾਂ ਕਿਹਾ ਕਿ ਜੋ ਪਹਿਲਾਂ ਸਰਕਾਰ ਵੱਲੋਂ ਮਾਸਕ ਆਏ ਸਨ ਉਹ ਚੰਗੀ ਕੁਆਲਿਟੀ ਦੇ ਸਨ ਪਰ ਹੁਣ ਬਿਲਕੁਲ ਹੀ ਘਟੀਆ ਕੁਆਲਟੀ ਦੇ ਮਾਸਕ ਭੇਜੇ ਜਾ ਰਹੇ ਹਨ। ਡਾਕਟਰਾਂ ਨੇ ਕਿਹਾ ਕਿ ਜੋ ਸਟਾਫ਼ ਉਨ੍ਹਾਂ ਨਾਲ ਕੰਮ ਕਰ ਰਿਹਾ ਹੈ ਉਹ ਬੇਹੱਦ ਗਰੀਬ ਹੈ ਅਤੇ ਉਸ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ।
ਸੋ ਇਕ ਪਾਸੇ ਜਿੱਥੇ ਲਗਾਤਾਰ ਫਰੰਟਲਾਈਨ ਡਾਕਟਰ ਆਪਣੀ ਜਾਨ ਜੋਖ਼ਮ 'ਚ ਪਾ ਕੇ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਹੇ ਹਨ, ਉੱਥੇ ਹੀ ਸਰਕਾਰਾਂ ਤੇ ਸਿਹਤ ਮਹਿਕਮੇ ਵੱਲੋਂ ਅਜਿਹੇ ਘਪਲੇ ਉਜ਼ਾਗਰ ਹੋ ਰਹੇ ਨੇ ਜੋ ਸਿੱਧੇ ਤੌਰ 'ਤੇ ਡਾਕਟਰਾਂ ਸਟਾਫ ਅਤੇ ਨਰਸਾਂ ਦੀ ਜਾਨ ਨਾਲ ਖਿਲਵਾੜ ਕਰ ਸਕਦੇ ਹਨ।