ਲੁਧਿਆਣਾ: ਲੌਹਾਰਾ ਨੇੜੇ ਉਸ ਵੇਲੇ ਵੱਡਾ ਇਕੱਠ ਹੋ ਗਿਆ ਜਦੋਂ ਇਕ ਹਿਰਨ ਦਾ ਬੱਚਾ ਨਹਿਰ ਵਿੱਚ ਰੁੜਦਾ ਹੋਇਆ ਲੁਹਾਰਾ ਪੁਲ ਨੇੜੇ ਪਹੁੰਚਿਆ। ਇਸ ਦੌਰਾਨ ਰਾਸ਼ਨ ਵੰਡ ਰਹੇ ਕਰਫਿਊ ਵਲੰਟੀਅਰਾਂ ਨੇ ਜਦੋਂ ਹਿਰਨ ਦੇ ਬੱਚੇ ਨੂੰ ਮੁਸ਼ਕਿਲ 'ਚ ਵੇਖਿਆ ਤਾਂ ਬਿਨਾਂ ਸੋਚੇ ਸਮਝੇ ਇਨਾਂ ਵਲੰਟੀਅਰਾਂ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਹਿਰਨ ਦੇ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਟਰੱਕ ਵਿੱਚ ਪਾ ਕੇ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਹਿਰਨ ਦੇ ਬੱਚੇ ਨੂੰ ਬਚਾਉਣ ਵਾਲੇ ਵਲੰਟੀਅਰ ਸੇਠੀ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੀ ਨਜ਼ਰ ਜਦੋਂ ਅਚਾਨਕ ਇਸ ਬੱਚੇ ਉੱਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ। ਉਧਰ ਮੌਕੇ 'ਤੇ ਪੁੱਜੇ ਨਹਿਰੀ ਵਿਭਾਗ ਦੇ ਮੁਲਾਜ਼ਮ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਤੁਰੰਤ ਗੋਤਾਖੋਰ ਲੈ ਕੇ ਮੌਕੇ 'ਤੇ ਪਹੁੰਚੇ, ਪਰ ਇਸ ਤੋਂ ਪਹਿਲਾਂ ਹੀ ਇਨ੍ਹਾਂ ਵਲੰਟੀਅਰਾਂ ਨੇ ਖੁਦ ਹੀ ਮੁਸ਼ੱਕਤ ਦੇ ਨਾਲ ਇਸ ਹਿਰਨ ਨੂੰ ਬਾਹਰ ਕੱਢ ਦਿੱਤਾ ਸੀ।
ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਦਰਾਹਾ ਵੱਲੋਂ ਇੱਕ ਹਿਰਨ ਨਹਿਰ ਵਿੱਚ ਤੈਰਦਾ ਆ ਰਿਹਾ ਸੀ। ਨਹਿਰ ਪੱਕੀ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ। ਜਦੋਂ ਲੁਹਾਰਾਂ ਕੋਲ ਪਹੁੰਚਿਆ ਤਾਂ ਕਰਫਿਊ ਵਲੰਟੀਅਰਾਂ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਨੇ ਭਾਰੀ ਮੁਸ਼ੱਕਤ ਨਾਲ ਬਿਨਾਂ ਆਪਣੀ ਪ੍ਰਵਾਹ ਕੀਤੇ ਇਸ ਬੇਜੁਬਾਨ ਜਾਨਵਰ ਦੀ ਜਾਨ ਬਚਾਈ ਅਤੇ ਉਸ ਨੂੰ ਬਾਹਰ ਕੱਢ ਕੇ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਸ਼ਹੀਦ ਅਨੁਜ ਸੂਦ ਦੇ ਪਰਿਵਾਰ ਨੂੰ 50 ਲੱਖ ਰੁਪਏ ਤੇ ਨੌਕਰੀ ਦੇਣ ਦਾ ਕੀਤਾ ਐਲਾਨ