ਲੁਧਿਆਣਾ: ਬਾਬਾ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਜਿਸ ਨੂੰ ਲੈਕੇ ਮ੍ਰਿਤਕਾਂ ਦੇ ਪਰਿਵਾਰ ਵਲੋਂ ਸਹੁਰਾ ਪਰਿਵਾਰ 'ਤੇ ਮਾਰਨ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਦੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਮ੍ਰਿਤਕਾ ਦੇ ਪਿਤਾ ਦਾ ਕਹਿਣਾ ਕਿ ਉਸ ਦੀ ਧੀ ਨੂੰ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਅਦਾਲਤ 'ਚ ਕੇਸ ਵੀ ਕੀਤਾ ਗਿਆ ਸੀ, ਪਰ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਨੂੰ ਘਰ ਲੈ ਗਏ ਸੀ। ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਮੁੜ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਮ੍ਰਿਤਕਾ ਦਾ ਸਹੁਰਾ ਸ਼ਰਾਬ ਪੀਣ ਦਾ ਆਦੀ
ਉਨ੍ਹਾਂ ਦਾ ਕਹਿਣਾ ਕਿ ਮ੍ਰਿਤਕਾ ਦਾ ਸਹੁਰਾ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਉਹ ਉਨ੍ਹਾਂ ਦੀ ਕੁੜੀ ਨੂੰ ਤੰਗ ਕਰਦਾ ਸੀ। ਉਨ੍ਹਾਂ ਦਾ ਕਹਿਣਾ ਕਿ ਇਸਦੇ ਚੱਲਦਿਆਂ ਹੀ ਉਨ੍ਹਾਂ ਦੀ ਧੀ ਦੀ ਜਾਨ ਚਲੀ ਗਈ। ਇਸ ਨੂੰ ਲੈਕੇ ਪਰਿਵਾਰ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਲੜਕੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਮ੍ਰਿਤਕਾ ਦੇ ਪੇਕਾ ਪਰਿਵਾਰ ਵਲੋਂ ਸਹੁਰਾ ਪਰਿਵਾਰ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਕਿ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।