ਲੁਧਿਆਣਾ: ਸੋਸ਼ਲ ਮੀਡਿਆ 'ਤੇ ਮਾਨਵ ਤਸ਼ੱਦਦ ਦਾ ਇਹ ਵੀਡੀਓ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ ਹੈ ਇਹ ਵੀਡੀਓ ਮਾਛੀਵਾੜਾ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਮੰਡੀ ਗੋਬਿੰਦਗੜ੍ਹ ਅਧੀਨ ਪੈਂਦੇ ਪਿੰਡ ਕੁੰਬੜਾ ਵਾਸੀ ਅਵਤਾਰ ਸਿੰਘ ਨੂੰ ਕੁਝ ਲੋਕਾਂ ਨੇ ਅਲਫ਼ ਨੰਗਾ ਕਰਕੇ ਕੁੱਟਮਾਰ ਕੀਤੀ।
ਜ਼ਮੀਨ ਦੇ ਬਿਆਨੇ ਨੂੰ ਲੈ ਕੇ ਵਿਵਾਦ: ਪੀੜਤ ਅਵਤਾਰ ਸਿੰਘ ਨੇ ਕਿਹਾ ਕਿ ਉਸਦਾ ਕੋਈ ਜ਼ਮੀਨ ਦੇ ਬਿਆਨੇ ਨੂੰ ਲੈ ਕੇ ਦੋ ਧਿਰਾਂ ਵਿਚ ਸੌਦਾ ਹੋਇਆ ਸੀ। ਜਿਸ ਦਾ ਅਵਤਾਰ ਸਿੰਘ ਗਵਾਹ ਸੀ ਜਿਸ ਧਿਰ ਵੱਲੋਂ ਬਿਆਨਾ ਕਰਵਾਇਆ ਜਾ ਰਿਹਾ ਸੀ ਉਸ ਵੱਲੋ ਰਜਿਸਟਰੀ ਜਲਦ ਕਰਾਉਣ ਦੀ ਗੱਲ ਕਹੀ ਜਾ ਰਹੀ ਸੀ। ਇਸ ਵਿੱਚ ਦੇਰੀ ਹੋ ਰਹੀ ਸੀ ਅਤੇ ਜਿਸ ਤੋਂ ਬਾਅਦ ਅਵਤਾਰ ਸਿੰਘ ਨੂੰ ਚੁੱਕ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡਿਆ ਉਤੇ ਵਾਇਰਲ ਕੀਤੀ ਗਈ।
ਪੀੜਤ ਮਹੀਨੇ ਤੋਂ ਨਹੀਂ ਆਇਆ ਘਰ: ਇਸ ਮੌਕੇ ਅਵਤਾਰ ਸਿੰਘ ਨੇ ਪੰਜਾਬ ਦੇ ਇਕ ਪ੍ਰਸਿੱਧ ਗਾਇਕ ਦੇ ਭਰਾ ਦੇ ਉੱਤੇ ਇਲਜ਼ਾਮ ਲਗਾਏ ਹਨ। ਉਸਨੇ ਸਾਬਕਾ ਮੁੱਖਮੰਤਰੀ ਚੰਨੀ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਪੀੜਿਤ ਅਵਤਾਰ ਸਿੰਘ ਦੇ ਬੇਟੇ ਮਹਿਕਪ੍ਰੀਤ ਸਿੰਘ ਅਤੇ ਭਰਾ ਹੁਕਮ ਚੰਦ ਨੇ ਦੱਸਿਆ ਕਿ ਅਵਤਾਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਘਰ ਨਹੀਂ ਆਇਆ ਸੀ। ਉਹ ਘਰ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਪ੍ਰਾਪਟੀ ਦੇ ਸਬੰਧ ਵਿੱਚ ਬਾਹਰ ਜਾ ਰਿਹਾ ਹੈ ਜਲਦ ਹੀ ਵਾਪਸ ਆ ਜਾਵੇਗਾ।
ਬੇਟੇ ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਅਸੀ ਤਿੰਨ ਦਿਨ ਪਹਿਲਾਂ ਹੀ ਇਕ ਵੀਡਿਓ ਦੇਖੀ ਜਿਸ ਵਿਚ ਕੁੱਝ ਲੋਕ ਉਸ ਦੇ ਪਿਤਾ ਨਾਲ ਕੁੱਟਮਾਰ ਕਰ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ਼ ਕਰ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦੇ ਹੋਏ ਬਾਕੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ।
ਸਾਬਕਾ ਮੁੱਖ ਮੰਤਰੀ ਨੇ ਪੀੜਤ ਦਾ ਦਿੱਤਾ ਸਾਥ: ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਰੀਬ ਦਲਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਵਤਾਰ ਸਿੰਘ ਨੂੰ ਬੇਰਹਿਮੀ ਨਾਲ ਨੰਗਾ ਕਰਕੇ ਕੁੱਟਿਆ ਗਿਆ। ਇਸ ਵਿਅਕਤੀ ਨੂੰ ਤਿੰਨ ਦਿਨ ਅਗਵਾ ਕਰਕੇ ਰੱਖਿਆ ਗਿਆ। ਅਵਤਾਰ ਸਿੰਘ ਨੂੰ ਜਾਨੋਂ ਮਾਰਨ ਦੀ ਤਿਆਰੀ ਸੀ ਪਰ ਪਰਗਟ ਸਿੰਘ ਨਾਮਕ ਵਿਅਕਤੀ ਨੇ ਉਸ ਨੂੰ ਬਚਾ ਲਿਆ। ਪੀੜਤ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਲੱਗਾ ਸੀ ਤਾਂ ਉਹਨਾਂ ਦੇ ਜਾਣਕਾਰ ਨੇ ਉਸ ਨੂੰ ਰੋਕਿਆ ਅਤੇ ਉਹਨਾਂ ਨਾਲ ਮੁਲਾਕਾਤ ਕਰਾਈ। ਉਹਨਾਂ ਸਰਕਾਰ ਤੋਂ ਬੇਨਤੀ ਕੀਤੀ ਕਿ ਅਜਿਹੇ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
- ਵਾਹ ! ਇਹ ਚੋਰ ਤਾਂ ਪੂਰੇ ਸਟੰਟਮੈਨ ਨਿਕਲੇ, 30 ਫੁੱਟ ਉੱਚੇ ਪੁਲ ਤੋਂ ਲੈ ਕੇ ਲੰਘ ਰਹੀ ਸੀ ਪੁਲਿਸ ਦੀ ਗੱਡੀ ਤਾਂ ਪਿੱਛਿਓਂ ਮਾਰ ਦਿੱਤੀ ਹੇਠਾਂ ਛਾਲ
- ਲੁਧਿਆਣਾ ਪਹੁੰਚੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਆਪ ਦੇ ਮੰਤਰੀ ਕਟਾਰੂਚੱਕ 'ਤੇ ਦਿੱਤਾ ਵੱਡਾ ਬਿਆਨ, ਕਿਹਾ-ਅਸੀਂ ਮੰਗੀ ਹੈ ਰਿਪੋਰਟ
- ਟਰਾਂਸਪੋਟਰਾ ਨੇ ਘੇਰਿਆ ਲੁਧਿਆਣਾ ਦਾ RTA ਦਫ਼ਤਰ, ਕਿਹਾ- ਨਹੀਂ ਹੋ ਰਹੇ ਕੰਮ ਤਾਂ ਦੇ ਦਿਓ ਅਸਤੀਫ਼ਾ
ਮੁਲਜ਼ਮਾਂ ਖਿਲਾਫ ਮਾਮਲਾ ਦਰਜ਼: ਉਥੇ ਹੀ ਇਸ ਸਬੰਧ ਵਿੱਚ ਡੀਐਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਪੀੜਤ ਅਵਤਾਰ ਦੀ ਬੇਟੇ ਦੇ ਬਿਆਨਾਂ ਦੇ ਅਧਾਰ ਤੇ ਐਸਸੀ ਐਸਟੀ ਐਕਟ (SC/ST ACT) ਦੀਆਂ ਧਾਰਾਵਾਂ ਸਮੇਤ ਵੱਖ ਵੱਖ ਧਾਰਾਵਾਂ ਤਹਿਤ 6 ਵਿਅਕਤੀਆਂ ਖਿਲਾਫ ਮਾਮਲਾ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।