ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ’ਤੇ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਨੇ ਵੀ ਮਾਨ ਦੇ ਪਿਛੋਕੜ ਅਤੇ ਐੱਸਐੱਸਪੀ ਰਹਿੰਦਿਆਂ ਕੀਤੇ ਗਏ ਕੰਮਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਨਰਲ ਡਾਇਰ ਨਾਲ ਤੁਲਨਾ: ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਹੁਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਅਜਿਹੀ ਬਿਆਨਬਾਜ਼ੀ ਕਰਨੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਨਿਹੱਥੇ ਨਿਹੰਗਾਂ ’ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤਾਂ ਕਿਹਾ ਸੀ ਕਿ ਮੈਂ ਇਕ ਫ਼ੌਜ ਦਾ ਜਰਨੈਲ ਹਾਂ ਅਤੇ ਮੇਰੇ ਸਿਪਾਹੀ ਨੂੰ ਜੇਕਰ ਕੋਈ ਮਾਰੇਗਾ ਤਾਂ ਮੈਂ ਇਸੇ ਤਰ੍ਹਾਂ ਬਦਲਾ ਲਵਾਂਗਾ।
ਉਨ੍ਹਾਂ ਕਿਹਾ ਜਨਰਲ ਡਾਇਰ ਨੇ ਵੀ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਵਿਖੇ ਕੀਤੇ ਗੋਲੀ ਕਾਂਡ ’ਤੇ ਆਪਣੀ ਸਫਾਈ ਦਿੰਦਿਆਂ ਇਹ ਬਿਆਨ ਦਿੱਤਾ ਸੀ ਕਿ ਜਿਵੇਂ ਪੈਰਿਸ ਮੇਰੇ ਲਈ ਇੱਕ ਜੰਗ ਦਾ ਮੈਦਾਨ ਸੀ ਉਸੇ ਤਰ੍ਹਾਂ ਅੰਮ੍ਰਿਤਸਰ ਵੀ ਅਜਿਹਾ ਹੀ ਜੰਗ ਦਾ ਮੈਦਾਨ ਰਿਹਾ ਸੀ ਜਿਸ ਕਰਕੇ ਮੈਂ ਗੋਲੀ ਚਲਾਈ। ਉਨ੍ਹਾਂ ਕਿਹਾ ਇੰਨ੍ਹਾਂ ਦੋਵਾਂ ਦੇ ਬਿਆਨਾਂ ਤੋਂ ਜ਼ਾਹਿਰ ਹੈ ਕਿ ਉਨ੍ਹਾਂ ਦੀ ਸੋਚ ਕਿੰਨੀ ਮਿਲਦੀ ਜੁਲਦੀ ਰਹੀ ਹੈ। ਉੱਥੇ ਹੀ ਪ੍ਰੋਫ਼ੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਖੁਦ ਨਿਹੰਗਾਂ ਨੂੰ ਆਤਮ ਸਮਰਪਣ ਕਰਵਾਇਆ ਤੇ ਫਿਰ ਖ਼ੁਦ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਮੌਕੇ ’ਤੇ ਮੌਜੂਦ ਮੈਜਿਸਟ੍ਰੇਟ ਨੇ ਮਾਨ ਦਾ ਹੱਥ ਫੜ ਕੇ ਉਸ ਨੂੰ ਰੋਕਿਆ ਸੀ।
'ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼': ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਸਿਮਰਨਜੀਤ ਸਿੰਘ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਮਾਨ ਨੂੰ ਸ਼ੁਰੂ ਤੋਂ ਹੀ ਆਦਤ ਹੈ ਕਿ ਪਾਰਲੀਮੈਂਟ ਵਿਚ ਜਾਣ ਤੋਂ ਪਹਿਲਾਂ ਕੋਈ ਅਜਿਹੀ ਬਿਆਨਬਾਜ਼ੀ ਕਰ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਪਾਰਲੀਮੈਂਟ ਜਾ ਕੇ ਪੰਜਾਬ ਦੇ ਲੋਕਾਂ ਦੇ ਮੁੱਦੇ ਹੀ ਨਾ ਚੁੱਕਣੇ ਪੈਣ। ਉਨ੍ਹਾਂ ਕਿਹਾ ਇਸੇ ਕਰਕੇ ਉਨ੍ਹਾਂ ਅਜਿਹੀ ਬਿਆਨਬਾਜ਼ੀ ਕੀਤੀ ਹੈ। 89 ਵਿੱਚ ਲੋਕਾਂ ਨੇ ਜੇਲ੍ਹ ਤੋਂ ਬਾਹਰ ਮਾਨ ਨੂੰ ਜਿਤਵਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮਾਨ ਨੂੰ ਵੋਟਾਂ ਪਾਈਆਂ ਪਰ ਉਹ ਤਲਵਾਰ ਦੇ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਦੇ ਬਾਹਰ ਬੈਠ ਰਹੇ ਇੱਥੋਂ ਤੱਕ ਕੇ ਆਪਣੇ ਅਹੁਦੇ ਦੀ ਸਹੁੰ ਤੱਕ ਨਹੀਂ ਚੁੱਕੀ। ਉਨ੍ਹਾਂ ਕਿਹਾ ਮੁੱਦਾ ਤਲਵਾਰ ਦਾ ਨਹੀਂ ਹੁੰਦਾ ਲੋਕਾਂ ਦੀ ਦਲੀਲਾਂ ਦਾ ਸੀ ਜਿਸ ਦੇ ਲਈ ਉਨ੍ਹਾਂ ਨੂੰ ਜਿਤਾਇਆ ਗਿਆ ਸੀ।
ਵਿਰੋਧੀ ਪਾਰਟੀਆਂ ਨੇ ਵੀ ਚੁੱਕੇ ਸਵਾਲ: ਸਿਮਰਨਜੀਤ ਸਿੰਘ ਮਾਨ ਦੇ ਭਗਤ ਸਿੰਘ ਨੂੰ ਲੈ ਕੇ ਬਿਆਨ ਅਤੇ ਨਿਹੱਥੇ ਨਿਹੰਗਾਂ ਦੇ ਚਲਾਈਆਂ ਗੋਲੀਆਂ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਭਗਤ ਸਿੰਘ ਸ਼ਹੀਦ ਸੀ ਅਤੇ ਸ਼ਹੀਦ ਰਹੇਗਾ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਾਨ ਵਾਰ ਦਿੱਤੀ ਅਤੇ ਉਨ੍ਹਾਂ ਕਰਕੇ ਹੀ ਸਾਨੂੰ ਆਜ਼ਾਦੀ ਮਿਲੀ। ਉਨ੍ਹਾਂ ਕਿਹਾ ਕਿ ਸਿਰਫ਼ ਧਰਮ ਦੇ ਨਾਂ ’ਤੇ ਕਿਸੇ ਦੀ ਕੁਰਬਾਨੀ ਨੂੰ ਨਹੀਂ ਆਂਕਿਆ ਜਾ ਸਕਦਾ। ਉਨ੍ਹਾਂ ਕਿਹਾ ਊਧਮ ਸਿੰਘ ਸੁਨਾਮ ਅਤੇ ਕਰਤਾਰ ਸਿੰਘ ਸਰਾਭਾ ਵੀ ਸਾਡੀ ਕੌਮ ਦੇ ਮਹਾਨ ਸ਼ਹੀਦ ਹਨ।
ਮੁਆਫੀ ਮੰਗਣ ਸਿਮਨਰਜੀਤ ਮਾਨ': ਉੱਥੇ ਹੀ ਨਿਹੱਥੇ ਨਿਹੰਗਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਤੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਹ ਬਿਲਕੁਲ ਸਹੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਅਜਿਹਾ ਕੀਤਾ ਸੀ। ਉੱਥੇ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਸਾਡੇ ਦੇਸ਼ ਦੇ ਮਹਾਨ ਸ਼ਹੀਦ ਦੀ ਸ਼ਾਨ ਵਿੱਚ ਜੋ ਸ਼ਬਦ ਕਹੇ ਹਨ ਉਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਭਗਤ ਸਿੰਘ ਸਾਡੀ ਸਾਰਿਆਂ ਦੇ ਆਈਡਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਨੌਜਵਾਨ ਭਗਤ ਸਿੰਘ ਨੂੰ ਪਿਆਰ ਕਰਦਾ ਹੈ। ਓਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਸੋਚ ਤੋਂ ਉਹ ਕਾਫੀ ਹੈਰਾਨ ਹਨ ਉਨ੍ਹਾਂ ਕਿਹਾ ਕਿ ਇਹ ਬਿਆਨ ਬਹੁਤ ਮੰਦਭਾਗਾ ਹੈ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਇਸ ਸਬੰਧੀ ਮਾਫੀ ਮੰਗਣੀ ਚਾਹੀਦੀ ਹੈ
'ਕੀ ਕਿਹਾ ਸੀ ਮਾਨ ਨੇ'?: ਦਰਅਸਲ ਸਿਮਰਨਜੀਤ ਸਿੰਘ ਮਾਨ ਨੇ ਇਹ ਬਿਆਨ ਕੋਈ ਪਹਿਲੀ ਵਾਰ ਨਹੀਂ ਦਿੱਤਾ ਕਿ ਭਗਤ ਸਿੰਘ ਅੱਤਵਾਦੀ ਸੀ। ਉਹ ਬੀਤੇ ਕਈ ਸਾਲਾਂ ਤੋਂ ਆਪਣੇ ਇਸ ਬਿਆਨ ’ਤੇ ਕਾਇਮ ਹਨ। ਸਿਮਰਨਜੀਤ ਸਿੰਘ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਪਰਚਾ ਵੀ ਦਰਜ ਹੋ ਚੁੱਕਾ ਹੈ।
ਮਾਨ ਨੇ ਕਿਹਾ ਸੀ ਕਿ ਭਗਤ ਸਿੰਘ ਨੇ ਬਿਨਾਂ ਵਜ੍ਹਾ ਬੇਕਸੂਰ ਸਾਂਡਰਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ ਅਤੇ ਉਸ ਦੇ ਗੰਨਮੈਨ ਗੁਰਸਿੱਖ ਨੂੰ ਵੀ ਗੋਲੀ ਮਾਰੀ ਸੀ। ਉਨ੍ਹਾਂ ਕਿਹਾ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਸੀ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੋ ਬੇਕਸੂਰਾਂ ਨੂੰ ਮਾਰਦਾ ਹੈ ਉਹ ਅੱਤਵਾਦ ਹੀ ਹੋ ਸਕਦਾ ਹੈ। ਮਾਨ ਦੇ ਇਸ ਬਿਆਨ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਰਹੀ ਹੈ ਹਾਲਾਂਕਿ ਬਾਅਦ ਵਿੱਚ ਮਾਨ ਦਲ ਦੇ ਸਹਿਯੋਗੀ ਬਾਅਦ ਵਿਚ ਧਰਮ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਇਸ ਬਿਆਨ ਨੂੰ ਜਸਟੀਫਾਈ ਕਰਦੇ ਰਹੇ ਕਿ ਭਗਤ ਸਿੰਘ ਨੇ ਪੰਜ ਕਕਾਰਾਂ ਨੂੰ ਪੂਰਾ ਨਹੀਂ ਕੀਤਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ- ਐਮਪੀ ਮਾਨ ਦਾ ਦਿਮਾਗ ਹੋਇਆ...