ਲੁਧਿਆਣਾ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਲੈ ਕੇ ਦਿੱਲੀ ਸ੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਬਿਆਨ 'ਤੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਵੀਰਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਦੇ ਕੌਮੀ ਜੁਆਇੰਟ ਕੁਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਵੱਲੋਂ ਸਿਰਸਾ ਨੂੰ ਡਾਕ ਰਾਹੀਂ ਚੂੜੀਆਂ ਭੇਜੀਆਂ ਗਈਆਂ ਹਨ।
ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਬੀਜੇਪੀ ਨੇ ਅਕਾਲੀ ਦਲ ਬਾਦਲ ਨੂੰ 1 ਵੀ ਟਿਕਟ ਨਾ ਦੇ ਕੇ ਅਕਾਲੀਆਂ ਨੂੰ ਕਾਲਰ ਫੜ੍ਹ ਹੇਠਾਂ ਸੁੱਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਨਾਲ ਸਿਰਸਾ ਦੋ-ਦੋ ਹੱਥ ਹੁਣ ਕਿਵੇਂ ਕਰਨਗੇ। ਮੰਡ ਨੇ ਦੱਸਿਆ ਕਿ ਸਮੁੱਚੀ ਕਾਂਗਰਸ ਪਾਰਟੀ ਸਿਰਸਾ ਵੱਲੋ ਕੀਤੀ ਟਿੱਪਣੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਬਤੌਰ ਕੇਂਦਰੀ ਮੰਤਰੀ ਰਹੇ ਕਮਲਨਾਥ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮਿਲਣ ਲਈ ਬੁਕੇ ਲੈਕੇ ਜਾਂਦੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਮਲ ਨਾਥ ਦਾ 1984 ਦੰਗਿਆਂ ਵਿੱਚ ਹੱਥ ਸੀ ਤਾਂ ਬਾਦਲ ਕਿਸ ਮੂੰਹ ਨਾਲ ਮਿਲਦੇ ਸਨ, ਇਸ ਬਾਰੇ ਵੀ ਸਿਰਸਾ ਆਪਣਾ ਸਟੈਂਡ ਸਪਸ਼ਟ ਕਰਨ? ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਵਿਰੁੱਧ 1984 ਸਿੱਖ ਨਸਲਕੁਸੀ ਮਾਮਲਿਆਂ 'ਚ ਕੋਈ ਮਾਮਲਾ ਦਰਜ ਨਹੀਂ ਹੈ ਅਤੇ ਨਾ ਹੀ ਕੋਈ ਚਾਰਜਸ਼ੀਟ ਦਾਖਲ ਹੈ। ਉਨ੍ਹਾਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਜੇਕਰ ਜਨਤਕ ਤੌਰ 'ਤੇ ਤੁਰੰਤ ਮਾਫੀ ਨਹੀਂ ਮੰਗਦੇ ਤਾਂ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਦੱਸਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕਮਲ ਨਾਥ ਨੂੰ ਕਾਂਗਰਸ ਵੱਲੋਂ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਮਨਜਿੰਦਰ ਸਿਰਸਾ ਨੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਨੂੰ ਦਿੱਲੀ ਵਿੱਚ ਕਿਸੇ ਵੀ ਸਟੇਜ 'ਤੇ ਚੜ੍ਹਨ ਨਹੀਂ ਦਿੱਤਾ ਜਾਵੇਗਾ ਤੇ ਅਕਾਲੀ ਦਲ ਇਸ ਦਾ ਵਿਰੋਧ ਕਰੇਗਾ ਅਤੇ ਕਾਲਰ ਫੜਕੇ ਕਮਲ ਨਾਥ ਨੂੰ ਦਿੱਲੀ ਤੋਂ ਬਾਹਰ ਕੱਢਿਆ ਜਾਵੇਗਾ।