ਲੁਧਿਆਣਾ: ਉੱਤਰ ਭਾਰਤ ਵਿੱਚ ਮੌਸਮ (Weather in North India) ਦੇ ਅੰਦਰ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਕੁਝ ਇਲਾਕਿਆਂ ਵਿੱਚ ਜਿੱਥੇ ਮੀਂਹ ਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ (Punjab) ਦੇ ਕਈ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਲੁਧਿਆਣਾ ਵਿੱਚ ਵੀ ਸਵੇਰ ਤੋਂ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ। ਉੱਥੇ ਹੀ ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਨਾਲੋਂ ਟੈਂਪਰੇਚਰ ਵੀ ਕੁਝ ਘਟਿਆ ਹੈ। ਮੌਜੂਦਾ ਸਮੇਂ ਦੇ ਵਿਚ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਚੱਲ ਰਿਹਾ ਹੈ ਜੋ ਆਮ ਟੈਂਪਰੇਚਰ ਤੋਂ ਮਹਿਜ਼ ਇੱਕ ਡਿਗਰੀ ਵੱਧ ਹੈ।
ਜਦੋਂ ਕਿ ਦੂਜੇ ਪਾਸੇ ਘੱਟੋ ਘੱਟ ਟੈਂਪਰੇਚਰ ਹੋਰ ਵੱਧ ਗਿਆ ਹੈ। ਜਿਸ ਦਾ ਕਾਰਨ ਅਸਮਾਨ ‘ਤੇ ਚੜ੍ਹੀ ਮਿੱਟੀ (Dust rising in the sky) ਕਾਰਨ ਮੰਨਿਆ ਜਾ ਰਿਹਾ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ ਟੈਂਪਰੇਚਰ 28 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਜ਼ਿਆਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (Punjab Agricultural University Meteorological Department) ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 2-3 ਦਿਨ ਹੀ ਮੌਸਮ ਠੀਕ ਰਹੇਗਾ ਅਤੇ ਬਾਕੀ ਆਉਣ ਵਾਲੇ ਦਿਨਾਂ ਅੰਦਰ ਮੁੜ ਤੋਂ ਗਰਮੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਉੱਤਰ ਭਾਰਤ ‘ਚ ਪੂਰੇ ਸਾਫ਼ ਮੌਸਮ ਦੀ ਭਵਿੱਖਬਾਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਫਸਲਾਂ ਨੂੰ ਵੀ ਇਸ ਮੌਸਮ ਦਾ ਕੋਈ ਨੁਕਸਾਨ ਜਾਂ ਫ਼ਾਇਦਾ ਨਹੀਂ ਹੈ, ਕਿਉਂਕਿ ਮੁੱਖ ਫ਼ਸਲਾਂ ਵਿੱਚ ਕਣਕ ਦੀ ਕਟਾਈ ਹੋ ਚੁੱਕੀ ਹੈ ਅਤੇ ਹਾਲੇ ਝੋਨੇ ਦੀ ਬਿਜਾਈ ਨੂੰ ਸਮਾਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਅੰਦਰ ਕਿਤੇ ਕਿਤੇ ਹਲਕੀ ਬਾਰਿਸ਼ ਦੇ ਨਾਲ ਠੰਢੀਆਂ ਤੇਜ਼ ਹਵਾਵਾਂ ਦੀ ਉਮੀਦ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (Punjab Agricultural University Meteorological Department) ਦੀ ਮੁਖੀ ਨੇ ਵੀ ਦੱਸਿਆ ਕਿ ਲੁਧਿਆਣਾ (Ludhiana) ਦੇ ਅੰਦਰ ਪਿਛਲੇ 2 ਮਹੀਨੇ ਤੋਂ ਡਰਾਈ ਮੌਸਮ ਰਿਹਾ ਹੈ। ਉਨ੍ਹਾਂ ਕਿਹਾ ਮਾਰਚ ਮਹੀਨਾ ਅਤੇ ਅਪ੍ਰੈਲ ਮਹੀਨਾ ਪੂਰੇ ਹੀ ਸੁੱਕੇ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਬਾਰਿਸ਼ ਨਹੀਂ ਹੋਈ, ਪਰ ਮਈ ਮਹੀਨੇ ਵਿੱਚ ਥੋੜ੍ਹੀ ਬਹੁਤ ਬਾਰਸ਼ ਦੀ ਉਮੀਦ ਜ਼ਰੂਰ ਹੈ। ਉਨ੍ਹਾਂ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਰਕੇ ਅਜਿਹਾ ਮੌਸਮ ਬਣਿਆ ਹੈ ਜੋ ਜ਼ਿਆਦਾ ਦੇਰ ਨਹੀਂ ਚੱਲੇਗਾ।
ਇਹ ਵੀ ਪੜੋ: ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ, ਪਿੰਡ ਤੋਂ ਕੀਤੀ ਸ਼ੁਰੂਆਤ