ਲੁਧਿਆਣਾ: ਬੀਤੇ ਦਿਨੀਂ ਸਰਕਾਰ ਵੱਲੋਂ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਨਵੀਂ ਗਾਈਡਲਾਈਨਜ਼ ਲੋਕਾਂ ਦੀ ਭਲਾਈ ਵਜੋਂ ਜਾਰੀ ਕੀਤੀ ਹੈ ਪਰ ਲੁਧਿਆਣਾ ਵਿੱਚ ਇਹ ਗਾਈਡਲਾਈਨਜ਼ ਲੜਾਈ ਦਾ ਕਾਰਨ ਬਣ ਗਈਆਂ। ਲੁਧਿਆਣਾ ਦੇ ਦੁੱਗਰੀ ਰੋਡ ਉੱਤੇ ਬਣੇ ਇੱਕ ਹੋਟਲ ਵਿੱਚ ਲਾੜੇ ਦੇ ਪਰਿਵਾਰ ਤੇ ਹੋਟਲ ਦੇ ਮੈਨੇਜਰ ਵਿਚਕਾਰ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਵਿੱਚ ਲਾੜਾ ਜ਼ਖ਼ਮੀ ਹੋ ਗਿਆ ਹੈ।
ਪੀੜਤ ਲਾੜੇ ਨੇ ਦੱਸਿਆ ਕਿ 17 ਤਰੀਕ ਨੂੰ ਹੋਟਲ ਗਰੈਂਡ ਵਿੱਚ ਉਸ ਦਾ ਵਿਆਹ ਰੱਖਿਆ ਹੋਇਆ ਹੈ। ਅਚਾਨਕ ਕੱਲ ਸਰਕਾਰ ਦੀ ਨਵੀਂ ਗਾਈਡਲਾਈਨ ਜਾਰੀ ਹੋਈ ਹੈ ਜਿਸ ਵਿੱਚ ਸਰਕਾਰ ਨੇ ਹਿਦਾਇਤ ਦਿੱਤੀ ਹੈ ਕਿ ਪਹਿਲਾਂ ਜਿਹੜੇ ਵਿਆਹ ਵਿੱਚ 50 ਵਿਅਕਤੀਆਂ ਦਾ ਇਕੱਠ ਕੀਤੀ ਜਾਂਦਾ ਸੀ ਉਸ ਨੂੰ ਹੁਣ 30 ਕਰ ਦਿੱਤਾ ਹੈ। ਯਾਨੀ ਕਿ ਵਿਆਹ ਵਿੱਚ ਸਿਰਫ਼ 30 ਲੋਕ ਹੀ ਸ਼ਮੂਲੀਅਤ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਹੋਟਲ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਹੋਟਲ ਦੇ ਮੈਨੇਜਰ ਨੇ ਕਿਹਾ ਕਿ ਉਹ 100 ਬੰਦੇ ਲੈ ਕੇ ਆਉਣ ਉਨ੍ਹਾਂ ਦੀ ਪੂਰੀ ਸੈਟਿੰਗ ਹੈ। ਉਨ੍ਹਾਂ ਕਿਹਾ ਕਿ ਉਹ 30 ਵਿਅਕਤੀਆਂ ਦੇ ਨਾਲ ਹੀ ਵਿਆਹ ਕਰਵਾਉਣਗੇ। ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਮੈਨੇਜਰ ਨੂੰ ਪੈਸੇ ਰਿਫੰਡ ਕਰਨ ਲਈ ਕਿਹਾ। ਪਰ ਹੋਟਲ ਵਾਲਿਆਂ ਨੇ ਪੈਸੇ ਰਿਫੰਡ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਦੇ ਸਟਾਫ ਤੋਂ ਪੁੱਛ ਕੇ ਦੂਜੇ ਚਲਦੇ ਹੋਏ ਫ਼ੰਕਸ਼ਨ ਦੀ ਵੀਡੀਓ ਬਣਾਈ ਜਿਸ ਤੋਂ ਬਾਅਦ ਹੋਟਲ ਸਟਾਫ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਹੋਟਲ ਦੇ ਮੈਨੇਜਰ ਨੇ ਉਨ੍ਹਾਂ ਦੇ ਸਿਰ ਉੱਤੇ ਬਲਟੀ ਮਾਰ ਦਿੱਤੀ ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਜਿਹੜੇ ਹੋਟਲ ਸਰਕਾਰ ਦੀ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਵਿਰੁੱਧ ਮਾਮਲੇ ਦੀ ਜਾਂਚ ਕੀਤੀ ਜਾਵੇ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੋਟਲ ਦੇ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜੇ ਕਿਸੇ ਵੀ ਪਾਰਟੀ ਨੇ ਪੁਲਿਸ ਨੂੰ ਦਰਖ਼ਾਸ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਹੜੀ ਪਾਰਟੀ ਦਰਖ਼ਾਸ ਦੇਵੇਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਮੌਸਮ ਵਿਭਾਗ ਨੇ ਜਾਰੀ ਕੀਤਾ ਦਾਮਿਨੀ ਮੋਬਾਈਲ ਐਪ, ਬਿਜਲੀ ਡਿੱਗਣ ਤੋਂ ਪਹਿਲਾਂ ਹੀ ਕਰੇਗੀ ਸੁਚੇਤ