ਲੁਧਿਆਣਾ : ਹੈਦਰਾਬਾਦ ਵਿਚ 4 ਸਾਲ ਦੀ ਬੱਚੀ ਨੂੰ ਲਾਵਾਰਿਸ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨਾਲ ਨੋਚਣ ਦੇ ਮਾਮਲੇ ਨੇ ਜੋ ਦਹਿਸ਼ਤ ਫੈਲਾਈ ਹੈ, ਉਹ ਇਕੱਲੇ ਹੈਦਰਾਬਾਦ ਤੱਕ ਸੀਮਤ ਨਹੀਂ। ਤਕਰੀਬਨ ਦੇਸ਼ ਦੇ ਹਰੇਕ ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਦਾ ਖੌਫ ਹੈ। ਪੰਜਾਬ ਦੇ ਲੁਧਿਆਣ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਲਾਵਾਰਿਸ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਹਸਪਤਾਲ ਵਿੱਚ ਹਰ ਰੋਜ਼ ਕੁੱਤਿਆਂ ਦੇ ਵੱਢਣ ਦੇ 30 ਤੋਂ 40 ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਲੁਧਿਆਣਾ ਸਿਵਿਲ ਹਸਪਤਾਲ ਵਿਚ ਕੁੱਤਿਆਂ ਵਲੋਂ ਵੱਢਣ ਦੇ 46 ਮਾਮਲੇ ਸਾਹਮਣੇ ਆਏ ਸਨ। ਹਸਪਤਾਲ ਦੇ ਸਟਾਫ ਮੁਤਾਬਿਕ ਰੋਜ਼ਾਨਾਂ 100 ਦੇ ਕਰੀਬ ਲੋਕਾਂ ਨੂੰ ਐਂਟੀ ਰੈਬੀਜ਼ ਦੇ ਟੀਕੇ ਲਗਾਏ ਜਾ ਰਹੇ ਹਨ।
ਪ੍ਰਸ਼ਾਸਨ ਨੂੰ ਕੁੱਤਿਆਂ ਉੱਤੇ ਕਾਬੂ ਪਾਉਣ ਦੀ ਮੰਗ: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਏ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਲਾਵਾਰਿਸ ਕੁੱਤਿਆਂ ਦੀ ਵੱਡੀ ਸੰਖਿਆ ਹੈ। ਕੁੱਤਿਆਂ ਦੇ ਵੱਢਣ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਕ ਪੀੜਿਤ ਨੇ ਦੱਸਿਆ ਕਿ ਉਹ 8ਵੀਂ ਵਾਰ ਕੁੱਤੇ ਦੇ ਵੱਢਣ ਦਾ ਸ਼ਿਕਾਰ ਬਣਿਆ ਹੈ। ਪੀੜਤ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਲਾਵਾਰਿਸ ਕੁੱਤਿਆਂ ਦਾ ਕਹਿਰ ਹੈ। ਉਹ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਉੱਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਦੀ ਰਾਖੀ ਹੋ ਸਕੇ। ਲਾਵਾਰਿਸ ਕੁੱਤੇ ਵਲੋਂ ਵੱਢੇ ਜਾਣ ਤੋਂ ਬਾਅਦ ਹਸਪਤਾਲ ਪਹੁੰਚੇ ਇੱਕ ਨੌਜਵਾਨ ਨੇ ਦੱਸਿਆ ਕਿ ਉਸਨੂੰ ਦੂਜੀ ਵਾਰ ਲਾਵਾਰਿਸ ਕੁੱਤੇ ਨੇ ਵੱਢਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕਿਸੇ ਗਲੀ ਜਾਂ ਸੜਕ ਵਿੱਚੋਂ ਲੰਘਦਾ ਹੈ ਤਾਂ ਕੁੱਤੇ ਹਮਲਾ ਕਰ ਦਿੰਦੇ ਹਨ।
ਇਹ ਵੀ ਪੜ੍ਹੋ: Arrested Ransom Demanders : ਫਿਰੌਤੀ ਮੰਗਣ ਵਾਲਿਆਂ ਦੀ ਖੌਫਨਾਕ ਧਮਕੀ, ਪੈਸੇ ਨਾ ਦਿੱਤੇ ਤਾਂ ਸਰੀਰ 'ਚ ਭਰ ਦਿਆਂਗੇ ਪਿੱਤਲ
ਜਾਣਕਾਰੀ ਦਿੰਦਿਆਂ ਲੁਧਿਆਣਾ ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਿਕ 40 ਰੁਪਏ ਦੀ ਪਰਚੀ ਦੇ ਨਾਲ ਐਂਟੀ ਰੇਬੀਜ਼ ਟੀਕਾ ਲਗਾਇਆ ਜਾਂਦਾ ਹੈ। ਕੁੱਤੇ ਦੇ ਵੱਢਣ ਤੇ ਪਹਿਲੇ ਦਿਨ, ਤੀਜੇ ਦਿਨ, ਸੱਤਵੇਂ ਦਿਨ ਅਤੇ 21ਵੇਂ ਦਿਨ ਕੁੱਲ ਚਾਰ ਇੰਜੈਕਸ਼ਨ ਲਗਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰੋਜਾਨਾਂ ਲਗਾਤਾਰ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਦੇ ਵਿੱਚ ਇਜਾਫਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਵਿਚ 616 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 613 ਮਾਮਲੇ ਇਕੱਲੇ ਲਾਵਾਰਿਸ ਕੁੱਤਿਆਂ ਵੱਲੋਂ ਇਨਸਾਨਾਂ ਨੂੰ ਵੱਢਣ ਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਲੁਧਿਆਣੇ ਤੋਂ ਇਹ ਮਾਮਲੇ ਸਾਹਮਣੇ ਆ ਰਹੇ ਨੇ। ਇਕ ਦਿਨ ਵਿਚ 50 ਦੇ ਕਰੀਬ ਮਾਮਲੇ ਦਰਜ ਹੋ ਰਹੇ ਹਨ।