ਲੁਧਿਆਣਾ: ਕੈਨੇਡਾ ਜਾਣ ਦਾ ਸੁਪਨਾ ਹੁਣ ਕਈ ਭਾਰਤੀ ਵਿਦਿਆਰਥੀਆਂ ਦਾ ਟੁੱਟ ਸਕਦਾ ਹੈ, ਕਿਉਂਕਿ ਕੈਨੇਡਾ ਵਿੱਚ ਹੁਣ ਵਿਦਿਆਰਥੀਆਂ ਨੂੰ ਪੜ੍ਹਨ ਲਈ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। ਕੈਨੇਡਾ ਸਰਕਾਰ ਵੱਲੋਂ 23 ਸਾਲ ਬਾਅਦ ਆਖਿਰਕਾਰ ਜੀਆਈਸੀ ਫੀਸ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ, ਜੋ ਫੀਸ ਪਹਿਲਾਂ 10 ਹਜ਼ਾਰ 200 ਡਾਲਰ ਸੀ, ਉਹ ਹੁਣ ਵਧਾ ਕੇ 20 ਹਜ਼ਾਰ, 635 ਡਾਲਰ ਕਰ ਦਿੱਤੀ ਗਈ ਹੈ।
23 ਸਾਲ ਬਾਅਦ ਕੈਨੇਡਾ ਸਰਕਾਰ ਨੇ ਚੁੱਕਿਆ ਕਦਮ: ਭਾਰਤ ਦੀ ਕਰੰਸੀ ਮੁਤਾਬਕ ਇਸ ਤੋਂ ਪਹਿਲਾਂ, ਲਗਭਗ 13 ਲੱਖ ਰੁਪਏ ਦੇ ਕਰੀਬ ਬਣਦਾ ਹੈ, ਇਹ ਫੀਸ ਇੱਕ ਸਾਲ ਦੀ ਹੁੰਦੀ ਹੈ, ਜੋ ਕਿ ਕਿਸੇ ਵੀ ਵਿਦਿਆਰਥੀ ਨੂੰ ਉਥੇ ਰਹਿਣ ਲਈ ਸਰਕਾਰ ਨੂੰ ਦੇਣੀ ਪੈਂਦੀ ਹੈ। ਇਸ ਫੀਸ ਵਿੱਚ 23 ਸਾਲ ਬਾਅਦ ਵਾਧਾ ਕੀਤਾ ਗਿਆ ਹੈ। 2000 ਤੋਂ ਇਹ ਫੀਸ ਲਾਗੂ ਕੀਤੀ ਗਈ ਸੀ। ਉਸ ਤੋਂ ਬਾਅਦ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ, ਪਰ ਹੁਣ ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਕੁਝ ਮਹੀਨਿਆਂ ਤੋਂ ਚੱਲ ਰਹੀ ਤਲ਼ਖੀ ਤੋਂ ਬਾਅਦ ਇਸ ਫੀਸ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ ਜਿਸ ਦਾ ਅਸਰ ਸਿੱਧੇ ਤੌਰ ਉੱਤੇ ਭਾਰਤੀ ਵਿਦਿਆਰਥੀਆਂ ਉੱਤੇ, ਖਾਸ ਕਰਕੇ ਪੰਜਾਬੀਆਂ 'ਤੇ ਪੈਣ ਵਾਲਾ ਹੈ।
ਵਿਦਿਆਰਥੀਆਂ ਲਈ ਕਰੀਬ 5-8 ਲੱਖ ਖ਼ਰਚ ਵਧਿਆ: ਲੁਧਿਆਣਾ ਇਮੀਗ੍ਰੇਸ਼ਨ ਮਾਹਰ ਕੈਪਰੀ ਇੰਸਟੀਟਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਨਿਤਿਨ ਚਾਵਲਾ ਨੇ ਦੱਸਿਆ ਹੈ ਕਿ ਕੈਨੇਡਾ ਸਰਕਾਰ ਵਲੋਂ ਵਧਾਈ ਫੀਸ ਭਾਰਤ ਦੇ ਵਿਦਿਆਰਥੀਆਂ ਉੱਥੇ ਸਿੱਧਾ ਬੋਝ ਹੈ। ਉਨ੍ਹਾਂ ਦੱਸਿਆ ਕਿ ਇਸ ਫੀਸ ਦੇ ਵਾਧੇ ਨਾਲ ਸਿੱਧਾ ਅਸਰ ਪੰਜਾਬ ਵਿੱਚੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਉੱਤੇ ਪਵੇਗਾ। ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਦਾ ਸੁਪਨਾ ਟੁੱਟ ਸਕਦਾ ਹੈ, ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਫੀਸ ਪਹਿਲਾ ਹੀ ਪੰਜਾਬੀ ਬਹੁਤ ਮੁਸ਼ਕਿਲ ਨਾਲ ਜਟਾਉਂਦੇ ਸਨ, ਕਿਉਂਕਿ ਕੈਨੇਡਾ (canada visa for study) ਜਾ ਕੇ ਪੜ੍ਹਨ ਦਾ ਇੱਕ ਸਾਲ ਦਾ ਖ਼ਰਚਾ ਲਗਭਗ 15 ਤੋਂ 20 ਲੱਖ ਦੇ ਕਰੀਬ ਹੈ। ਅਜਿਹੇ ਵਿੱਚ ਜੇਕਰ ਵਿਦਿਆਰਥੀ ਦੇ ਪੈਸੇ ਪੂਰੇ ਨਹੀਂ ਹੁੰਦੇ ਤਾਂ ਉਸ ਨੂੰ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਕਿਹਾ ਕਿ ਹੁਣ ਫੀਸ ਦੇ ਵਾਧੇ ਨਾਲ ਇੱਕ ਵਿਦਿਆਰਥੀ ਉੱਤੇ ਸਿੱਧਾ ਇੱਕ ਸਾਲ ਦਾ ਖ਼ਰਚਾ 25 ਤੋਂ 30 ਲੱਖ ਤੱਕ ਪਹੁੰਚ ਜਾਵੇਗਾ। ਇੱਕ ਵਿਦਿਆਰਥੀ ਲਈ ਜਾਂ ਇੱਕ ਪਰਿਵਾਰ ਲਈ ਇੰਨਾਂ ਖ਼ਰਚਾ ਇਕ ਸਾਲ ਦਾ ਪੜ੍ਹਾਈ ਦਾ ਦੇਣਾ ਬਹੁਤ ਜਿਆਦਾ ਮੁਸ਼ਕਿਲ ਹੋਵੇਗਾ। ਨਿਤਿਨ ਚਾਵਲਾ ਨੇ ਕਿਹਾ ਕਿ ਇਹ ਕੈਨੇਡਾ ਸਰਕਾਰ ਦਾ ਬਹੁਤ ਹੈਰਾਨ ਕਰ ਦੇਣ ਵਾਲਾ ਫੈਸਲਾ ਹੈ। ਫੀਸ ਸਿੱਧਾ ਦੁਗੱਣੀ ਕਰਨ ਦੇ ਨਾਲ ਵਿੱਤੀ ਬੋਝ ਵਿਦਿਆਰਥੀਆਂ ਉੱਤੇ ਪਵੇਗਾ।
ਵਿਦਿਆਰਥੀਆਂ 31 ਦਸੰਬਰ ਤੋਂ ਪਹਿਲਾਂ ਲਗਾ ਦੇਣ ਫਾਈਲਾਂ: ਨਿਤਿਨ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਫਿਲਹਾਲ ਵਿਦਿਆਰਥੀਆਂ ਕੋਲ 31 ਦਸੰਬਰ ਤੱਕ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਵੱਲੋਂ ਹਾਲੇ ਵੀ ਆਪਣੀ ਫਾਈਲ ਨਹੀਂ ਲਗਾਈ ਗਈ ਹੈ, ਉਹ ਜੇਕਰ 31 ਦਸੰਬਰ ਤੋਂ ਪਹਿਲਾਂ ਹੀ ਆਪਣੀ ਫਾਈਲ ਲਗਾ ਦਿੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਵਾਲੀ ਫੀਸ ਦੇ ਮੁਤਾਬਿਕ ਹੀ ਖ਼ਰਚੇ 'ਤੇ ਵੀਜ਼ਾ ਮਿਲ ਜਾਵੇਗਾ, ਪਰ 1 ਜਨਵਰੀ 2024 ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਇਹ ਰਿਆਇਤ ਨਹੀਂ ਮਿਲੇਗੀ। ਉਨ੍ਹਾਂ ਨੂੰ ਕੈਨੇਡਾ ਜਾ ਕੇ ਪੜ੍ਹਾਈ ਕਰਨ ਲਈ ਜੇਬ ਢਿੱਲੀ ਕਰਨੀ ਪਵੇਗੀ।
ਇੰਡਸਟਰੀ ਤੇ ਪੜ੍ਹਾਈ ਹੋਵੇਗੀ ਪ੍ਰਭਾਵਿਤ: ਨਿਤਿਨ ਚਾਵਲਾ ਨੇ ਕਿਹਾ ਕਿ ਇਹ ਨਾ ਸਿਰਫ ਇੰਡਸਟਰੀ ਲਈ ਵੱਡੀ ਮਾਰ ਹੈ, ਸਗੋਂ ਵਿਦਿਆਰਥੀ ਵਰਗ ਲਈ ਵੀ ਸੁਪਨੇ ਟੁੱਟਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਬੀਤੇ ਮਹੀਨਿਆਂ ਦੇ ਦੌਰਾਨ ਜੋ ਹੋਇਆ ਹੈ, ਉਸ ਦੇ ਅਜਿਹੇ ਨਤੀਜੇ ਨਿਕਲਣੇ ਚੰਗੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇੰਡਸਟਰੀ ਦਾ ਵੀ ਵੱਡਾ ਨੁਕਸਾਨ ਹੋਵੇਗਾ ਅਤੇ ਵਿਦਿਆਰਥੀ ਨੂੰ ਵੀ ਕਿਸੇ ਹੋਰ ਦੇਸ਼ ਵੱਲ ਝੁਕਾਅ ਕਰਨਾ ਪਵੇਗਾ। ਫੀਸ ਵਧਣ ਨਾਲ ਵਿਦਿਆਰਥੀਆਂ ਵਿੱਚ ਵੀ ਕਾਫੀ ਜਿਆਦਾ ਰੋਸ ਹੈ।
ਦੋਹਾਂ ਸਰਕਾਰ ਨੂੰ ਗੱਲ ਕਰਨ ਕੇ ਹੱਲ ਕੱਢਣ ਦੀ ਲੋੜ: ਲੁਧਿਆਣਾ ਪਾਸਪੋਰਟ ਦਫਤਰ ਬਾਹਰ ਸਾਡੇ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਉਹ ਕੈਮਰੇ ਉੱਤੇ ਤਾਂ ਨਹੀਂ ਆਉਣਾ ਚਾਹੁੰਦੇ, ਪਰ ਇਹ ਫੀਸ ਵਧਣ ਨਾਲ ਸਿੱਧੇ ਤੌਰ ਉੱਤੇ ਉਨ੍ਹਾਂ ਨੂੰ ਕਾਫੀ ਧੱਕਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦਾ ਅਸਰ ਵਿਦਿਆਰਥੀਆਂ ਉੱਤੇ ਪੈਣਾ ਸਹੀ ਨਹੀਂ ਹੈ। ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਵਿੱਚ ਜਾਂਦੇ ਹਾਂ, ਪਰ ਹੁਣ ਉਥੋਂ ਦੇ ਰਾਹ ਵੀ ਸਾਨੂੰ ਬੰਦ ਹੁੰਦੇ ਵਿਖਾਈ ਦੇ ਰਹੇ ਹਨ, ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਅਤੇ ਉਹ ਉੱਥੇ ਜਾ ਕੇ ਸੁਰੱਖਿਤ ਮਹਿਸੂਸ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪਹਿਲੀ ਪਸੰਦ ਕੈਨੇਡਾ ਹੀ ਹੁੰਦੀ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਕੈਨੇਡਾ ਨੂੰ ਇਹ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵੀ ਵੱਡਾ ਨੁਕਸਾਨ ਹੋਵੇਗਾ। ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਕਾਰਨ ਵੱਡੀ ਆਮਦਨ ਮਿਲਦੀ ਹੈ। ਭਾਰਤੀ ਵਿਦਿਆਰਥੀ ਜੇਕਰ ਕੈਨੇਡਾ ਨਹੀਂ ਜਾਣਗੇ, ਤਾਂ ਕਿਸੇ ਹੋਰ ਮੁਲਕ ਦਾ ਰੁੱਖ ਕਰਨਗੇ ਜਿਸ ਨਾਲ ਦੋਵਾਂ ਹੀ ਮੁਲਕਾਂ ਦੇ ਨੁਕਸਾਨ ਦੀ ਗੱਲ ਹੈ। ਇਸ ਕਰਕੇ ਦੋਹਾਂ ਸਰਕਾਰਾਂ ਨੂੰ ਕੋਈ ਨਾ ਕੋਈ ਗੱਲਬਾਤ ਕਰਕੇ ਮਸਲਾ ਹੱਲ ਜ਼ਰੂਰ ਕਰਨ ਦੀ ਲੋੜ ਹੈ।