ਲੁਧਿਆਣਾ: ਭਿਖਾਰੀਆਂ ਦੇ ਖਿਲਾਫ਼ ਅੱਜ ਲੁਧਿਆਣਾ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਸ਼ਹਿਰ ਭਰ ਦੇ ਭਿਖਾਰੀਆਂ 'ਚ ਹੜਕੰਪ ਮੱਚਿਆ ਨਜ਼ਰ ਆਇਆ। ਪੁਲਿਸ ਨੇ ਸਾਰੇ ਹੀ ਭਿਖਾਰੀਆਂ ਨੂੰ ਹਿਰਾਸਤ 'ਚ ਲੈ ਕੇ ਅਤੇ ਉਨ੍ਹਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਪੁੱਛ ਪੜਤਾਲ ਕੀਤੀ।
ਪੁਲਿਸ ਅਧਿਕਾਰਿਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਸੁਰੱਖਿਆ ਦੇ ਮੱਦੇਨਜ਼ਰ ਚਲਾਈ ਗਈ ਹੈ। ਇਸ ਸਬੰਧੀ ਜਦੋਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਅੱਜ ਸ਼ਹਿਰ ਦੇ ਚੌਕ ਭਿਖਾਰੀ ਮੁਕਤ ਨਜ਼ਰ ਆ ਰਹੇ ਹਨ, ਜੋ ਕਿ ਇੱਕ ਚੰਗਾ ਉਪਰਾਲਾ ਹੈ।
ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰਿਕ ਨੇ ਕਿਹਾ ਕਿ ਸ਼ਹਿਰ 'ਚ ਲਗਾਤਾਰ ਭਿਖਾਰੀਆਂ ਦੀ ਤਾਦਾਦ ਵਧਦੀ ਜਾ ਰਹੀ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਭਿਖਾਰੀਆਂ ਨੂੰ ਹਿਰਾਸਤ 'ਚ ਲੈ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵਿਚੋਂ ਕੋਈ ਜਾਸੂਸ ਤਾਂ ਨਹੀਂ, ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਹ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਬੱਚੇ ਅਗਵਾ ਤਾਂ ਨਹੀਂ ਕੀਤੇ ਗਏ। ਹਾਲਾਂਕਿ ਇਹ ਮੁਹਿੰਮ ਉਨ੍ਹਾਂ ਭਿਖਾਰੀਆਂ ਦੇ ਖਿਲਾਫ ਚਲਾਈ ਗਈ ਸੀ ਜਿਨ੍ਹਾਂ 'ਤੇ ਪੁਲਿਸ ਨੂੰ ਸ਼ੱਕ ਸੀ ਪਰ ਇਸ ਦੌਰਾਨ ਭਿਖਾਰੀਆਂ ਚ ਹੜਕੰਪ ਮਚਿਆ ਜ਼ਰੂਰ ਵਿਖਾਈ ਦਿੱਤਾ।