ਲੁਧਿਆਣਾ: ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵੱਲੋਂ ਲੁਧਿਆਣਾ 'ਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਭਾਜਪਾ ਨੇ ਆਪਣੀ ਸ਼ਕਤੀ ਦਿਖਾਈ ਉੱਥੇ ਵੀ ਪੰਜਾਬ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਯੁਵਾ ਮੋਰਚਾ ਭਾਜਪਾ ਦੇ ਪ੍ਰਧਾਨ ਕਰਨਵੀਰ ਸਿੰਘ ਟੌਹੜਾ ਅਤੇ ਸੀਨੀਅਰ ਆਗੂ ਜੀਵਨ ਗੁਪਤਾ ਤੋਂ ਇਲਾਵਾ ਗੁਰਦੇਵ ਸ਼ਰਮਾ ਦੇਵੀ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਸਵਾਲ ਉਠਾਏ । ਉਨ੍ਹਾਂ ਆਖਿਆ ਕਿ ਇਸ ਸਮੇਂ ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਭਰੋਸੇ ਹੈ। ਇਸ ਦੌਰਾਨ ਭਾਜਪਾ ਯੂਥ ਪ੍ਰਧਾਨ ਕਰਨਵੀਰ ਸਿੰਘ ਟੌਹੜਾ ਨੇ ਆਖਿਆ ਕਿ ਬਹੁਤ ਵੱਡੀ ਗਿਣਤੀ 'ਚ ਪੰਜਾਬ ਦਾ ਨੌਜਵਾਨ ਭਾਜਪਾ ਨਾਲ ਜੁੜ ਰਿਹਾ ਹੈ ਕਿਉਂਕਿ ਨੌਜਵਾਨਾਂ ਨੂੰ ਲੱਗਦਾ ਹੈ ਕਿ ਪੰਜਾਬ ਚੋਂ ਨਸ਼ੇ ਦਾ ਖ਼ਾਤਮਾ ਭਾਜਪਾ ਹੀ ਕਰ ਸਕਦੀ ਹੈ। ਕਰਨਵੀਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਭਾਜਪਾ ਨੇ ਹਮੇਸ਼ਾ ਹੀ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ ਵਿਰੋਧੀ ਭਾਵੇਂ ਕੁੱਝ ਵੀ ਕਹਿੰਦੇ ਰਹਿਣ ਪਰ ਹਿੰਦੂ ਅਤੇ ਸਿੱਖ ਇੱਕ ਹਨ।
ਯੂਥ ਭਾਜਪਾ ਦੇ ਨਾਲ: ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕੌਣ ਕਿੰਨੇ ਪਾਣੀ 'ਚ ਹੈ। ਅੱਜ ਦੇ ਇਸ ਸ਼ਕਤੀ ਪ੍ਰਦਰਸ਼ਨ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦਾ ਕਿੰਨਾ ਨੌਜਵਾਨ ਭਾਜਪਾ ਦੇ ਨਾਲ ਹੈ । ਇਨ੍ਹਾਂ ਹੀ ਨੌਜਵਾਨਾਂ ਨੇ ਪੰਜਾਬ ਦੀ ਨੁਹਾਰ ਨੂੰ ਬਦਲਣਾ ਹੈ। ਇਸ ਦੇ ਨਾਲ ਹੀ ਭਾਜਪਾ ਆਗੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ।
ਲੋਕਾਂ ਦਾ ਪ੍ਰੇਸ਼ਾਨ ਹੋਣਾ: ਭਾਜਪਾ ਵੱਲੋਂ ਕੱਢੀ ਇਸ ਰੈਲੀ ਦੌਰਾਨ ਹਾਲਾਂਕਿ ਸ਼ਹਿਰ ਵਿੱਚ ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਨਜ਼ਰ ਆਇਆ । ਇਸ ਦੌਰਾਨ ਟ੍ਰੈਫ਼ਿਕ ਮੁਲਾਜ਼ਮ ਹੂਟਰ ਚਲਾਉਣ ਵਾਲੀਆਂ ਗੱਡੀਆਂ ਦੇ ਪਿੱਛੇ ਭੱਜਦੇ ਹੋਏ ਵਿਖਾਈ ਦਿੱਤੇ ਇਸ ਦੌਰਾਨ ਟਰੈਫਿਕ ਲਈ ਤੈਨਾਤ ਇਰਾਨ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਵੱਲੋਂ ਰੈਲੀ ਸਬੰਧੀ ਇਜਾਜ਼ਤ ਲਈ ਗਈ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਾਂ ਤੁਸੀਂ ਜੋ ਰੈਲੀ ਕੱਢ ਰਹੇ ਹਨ ਉਨ੍ਹਾਂ ਕੋਲੋਂ ਵੀ ਪੁੱਛ ਸਕਦੇ ਹੋ। ਇਨ੍ਹਾਂ ਹੀ ਨਹੀਂ ਅਸ਼ੋਕ ਚੌਹਾਨ ਨੇ ਕਿਹਾ ਕਿ ਅਸੀਂ ਟਰੈਫਿਕ ਕੰਟਰੋਲ ਕਰ ਰਹੇ ਹਾਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਸਾਹਮਣੇ ਹੀ ਹੂਟਰ ਵਜਾਇਆ ਜਾ ਰਹੇ ਨੇ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਨਿਭਾ ਰਹੇ ਹਨ।