ਲੁਧਿਆਣਾ: ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀਂ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਲਗਾਤਾਰ ਭਾਜਪਾ ਵੱਲੋਂ ਪੰਜਾਬ ਭਰ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਅੱਜ ਭਾਜਪਾ ਵੱਲੋਂ ਸ਼ਿੰਗਾਰ ਸਿਨੇਮਾ ਰੋਡ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਨੇ ਇੱਕ ਤਰ੍ਹਾਂ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਕੇ ਉੱਤੇ ਮੌਜੂਦ ਰਹੀ।
ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੈਪਟਨ ਦੀ ਸਰਕਾਰ ਲਾਂਬੂ ਲਾਉਣਾ ਚਾਹੁੰਦੀ ਹੈ ਅਤੇ ਪੁਲਿਸ ਵੀ ਇਸ ਵਿੱਚ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਸੀ ਲੜਾਈ ਵਿੱਚ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਅਕਾਲੀ ਦਲ ਉੱਤੇ ਵੀ ਸਵਾਲ ਖੜ੍ਹੇ ਕਰਦੇ ਕਿਹਾ ਕਿ ਸੁਖਬੀਰ ਬਾਦਲ ਅੱਜ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੈ ਜਦੋਂ ਪੰਜਾਬ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਅਤੇ ਮਾਹੌਲ ਖ਼ਰਾਬ ਸੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਬਾਹਰ ਪੜ੍ਹਨ ਲਈ ਭੇਜ ਦਿੱਤਾ ਸੀ ਜਦੋਂ ਕਿ ਭਾਜਪਾ ਦੇ ਲੀਡਰ ਉਦੋਂ ਵੀ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਲਈ ਕੰਮ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ 4 ਜਨਵਰੀ ਨੂੰ ਕਿਸਾਨਾਂ ਨਾਲ ਕੇਂਦਰ ਦੀ ਬੈਠਕ ਹੋਣ ਜਾ ਰਹੀ ਹੈ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਬੈਠਕ ਸਫ਼ਲ ਹੋਵੇਗੀ ਅਤੇ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ।
ਤਰੁਣ ਚੁੱਘ ਨੇ ਇਹ ਵੀ ਕਿਹਾ ਕਿ ਭਾਜਪਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਧਰਨੇ ਪ੍ਰਦਰਸ਼ਨ ਕਰੇਗੀ ਕਿਉਂਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਸੁੱਤੀ ਹੋਈ ਕਾਂਗਰਸ ਸਰਕਾਰ ਜਾਗੇ ਅਤੇ ਕਾਨੂੰਨ ਵਿਵਸਥਾ ਨੂੰ ਲਾਗੂ ਕਰੇ ਉਨ੍ਹਾਂ ਕਿਹਾ ਕਿ ਕਦੇ ਸਾਡੇ ਪ੍ਰਧਾਨ ਉੱਤੇ ਹਮਲੇ ਹੁੰਦੇ ਹਨ ਅਤੇ ਕਦੇ ਸੀਨੀਅਰ ਆਗੂਆਂ ਉੱਤੇ ਜੋ ਕਿ ਬੇਹੱਦ ਹੀ ਨਿੰਦਣਯੋਗ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਸਾਂਸਦ ਰਵਨੀਤ ਬਿੱਟੂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਯੂਥ ਕਾਂਗਰਸ ਦੇ ਆਗੂਆਂ ਨੇ ਭਾਜਪਾ ਦਾ ਵਿਰੋਧ ਕੀਤਾ। ਇਸ ਦੌਰਾਨ ਯੂਥ ਕਾਂਗਰਸ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।