ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਭਾਜਪਾ ਨੇ ਲੁਧਿਆਣਾ ਤੋਂ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਂ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਜਿਸਦੇ ਤਹਿਤ 9227772222 ਨੰਬਰ ਜਾਰੀ ਕੀਤਾ ਗਿਆ ਹੈ, ਜਿਸ 'ਤੇ ਮਿਸ ਕਾਲ ਮਾਰ ਕੇ ਲੋਕ ਭਾਜਪਾ ਦੇ ਨਾਲ ਜੁੜ ਸਕਦੇ ਹਨ। ਇਸ ਤੋਂ ਇਲਾਵਾ ਭਾਜਪਾ ਵੱਲੋਂ ਇਕ ਵੈੱਬਸਾਈਟ ਵੀ ਜਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੇ ਨਾਲ ਜੁੜਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਲੁਧਿਆਣਾ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸਭ ਤੋਂ ਪਹਿਲਾਂ ਖ਼ੁਦ ਇਸ ਨੰਬਰ 'ਤੇ ਮਿਸ ਕਾਲ ਮਾਰ ਕੇ ਮੈਂਬਰ ਬਣਿਆ ਗਿਆ।
ਕੌਣ ਹੋਵੇਗਾ ਸੀਐਮ ?
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਤੁਸੀਂ ਇਸ ਜਿਹਨਾਂ ਪਾਰਟੀਆ ਦੇ ਨਾਲ ਗੱਠਜੋੜ ਕੀਤਾ ਹੈ, ਉਨ੍ਹਾਂ ਚੋਂ ਜਾਂ ਤਾਂ ਸੀ.ਐਮ ਬਣਨਾ ਚਾਹੁੰਦੇ ਸਨ ਜਾਂ ਫਿਰ ਸੀ.ਐਮ ਨਾ ਬਣਨ ਕਰਕੇ ਉਨ੍ਹਾਂ ਨੇ ਆਪਣੀਆਂ ਪਾਰਟੀਆਂ ਛੱਡੀਆਂ ਹਨ ਕਿ ਜੇਕਰ ਭਾਜਪਾ ਉਨ੍ਹਾਂ ਨਾਲ ਮਿਲ ਕੇ ਚੋਣ ਲੜੇਗੀ, ਤਾਂ ਭਾਜਪਾ ਦਾ ਸੀ.ਐਮ ਚਿਹਰਾ ਕੌਣ ਹੋਵੇਗਾ ਤਾਂ ਅਸ਼ਵਨੀ ਸ਼ਰਮਾ ਗੋਲਮੋਲ ਜਵਾਬ ਦਿੰਦੇ ਹੋਏ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਸਾਡੀ ਚੋਣ ਪ੍ਰਚਾਰ ਕਮੇਟੀ ਹੀ ਡਿਸਾਈਡ ਕਰੇਗੀ।
ਅਕਾਲੀ ਦਲ ਨਾਲ ਹੋਵੇਗਾ ਭਾਜਪਾ ਦਾ ਭਵਿੱਖ 'ਚ ਗੱਠਜੋੜ ?
ਉਧਰ ਜਦੋਂ ਅਸ਼ਵਨੀ ਸ਼ਰਮਾ ਨੂੰ ਸਵਾਲ ਕੀਤਾ ਗਿਆ ਕਿ ਕੀ ਭਵਿੱਖ ਦੇ ਵਿੱਚ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ ਜਾਂ ਜੇਕਰ ਹੰਗ ਅਸੈਂਬਲੀ ਆਉਂਦੀ ਹੈ ਤਾਂ ਚੋਣਾਂ ਤੋਂ ਬਾਅਦ ਕੀ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰੇਗੀ ਤਾਂ ਅਸ਼ਵਨੀ ਸ਼ਰਮਾ ਨੇ ਸਿੱਧਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਭਾਜਪਾ ਨਾਲ ਭਵਿੱਖ ਵਿੱਚ ਅਕਾਲੀ ਦਲ ਦਾ ਗੱਠਜੋੜ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਉਸ ਵੇਲੇ ਸਾਥ ਛੱਡਿਆ ਸੀ, ਜਦੋਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਲੋੜ ਸੀ।
ਭ੍ਰਿਸ਼ਟ ਆਗੂਆਂ ਨੂੰ ਨਹੀਂ ਲਵੇਗੀ, ਭਾਜਪਾ
ਪੰਜਾਬ ਕੈਬਿਨੇਟ ਮੰਤਰੀ ਅਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੀ ਭਾਜਪਾ ਵਿੱਚ ਜਾਣ ਦੀਆਂ ਚੱਲ ਰਹੀਆਂ, ਅਟਕਣਾਂ ਸੰਬੰਧੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅਜਿਹਾ ਕੁੱਝ ਵੀ ਨਹੀਂ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਭ੍ਰਿਸ਼ਟ ਆਗੂਆਂ ਨੂੰ ਭਾਜਪਾ ਆਪਣੀ ਪਾਰਟੀ ਦੇ ਵਿੱਚ ਥਾਂ ਨਹੀਂ ਦੇਵੇਗੀ।
ਰਾਹੁਲ ਗਾਂਧੀ 'ਤੇ ਤੰਜ, ਪੀ.ਐਮ ਦੀ ਸ਼ਲਾਘਾ
ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ 3 ਤਰੀਕ ਨੂੰ ਹੋਣ ਵਾਲੀ ਆਪਣੀ ਰੈਲੀ ਰੱਦ ਕਰਨ ਨੂੰ ਲੈ ਕੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਪੰਜਾਬ ਆਉਣ ਤੋਂ ਕਤਰਾ ਰਹੇ ਹਨ। ਕਿਉਂਕਿ ਹੁਣ ਕਾਂਗਰਸ ਦੇ ਕੋਲ ਲੋਕਾਂ ਨੂੰ ਆਪਣਾ ਮੂੰਹ ਦਿਖਾਉਣ ਲਈ ਕੁੱਝ ਬਚਿਆ ਹੀ ਨਹੀਂ ਹੈ। ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਫਿਰੋਜ਼ਪੁਰ ਵਿੱਚ ਰੈਲੀ ਸਬੰਧੀ, ਉਨ੍ਹਾਂ ਕਿਹਾ ਕਿ ਪੂਰੇ ਤਾਕਤ ਨਾਲ ਭਾਜਪਾ ਇਸ ਰੈਲੀ ਨੂੰ ਸਫ਼ਲ ਕਰੇਗੀ ਅਤੇ ਇਸ ਰੈਲੀ ਦੇ ਵਿੱਚ ਪੰਜਾਬ ਵਿੱਚ ਲੋਕਾਂ ਦਾ ਹਜੂਮ ਵੇਖਣ ਨੂੰ ਮਿਲੇਗਾ।
ਇਹ ਵੀ ਪੜੋ: ਕੁਝ ਦਿਨਾਂ 'ਚ ਤਿੰਨ ਗੁਣਾਂ ਵਧੇ ਕੋਰੋਨਾ ਮਾਮਲੇ, ਸਿਆਸੀ ਪਾਰਟੀਆਂ ਕਿੰਨਾ ਸੁਚੇਤ ?