ਲੁਧਿਆਣਾ: ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਹੁੰ ਸਮਾਗਮ ਤੋਂ ਪਹਿਲਾਂ ਸਿੱਧੂ ਤੇ ਕੈਪਟਨ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਮਾਣੂਕੇ ਨੇ ਸਿੱਧੂ ਕੈਪਟਨ ਕਲੇਸ਼ ਤੇ ਬੋਲਦਿਆਂ ਕਿਹਾ ਕਿ ਪਾਰਟੀ ਦੇ ਆਪਸੀ ਕਲੇਸ਼ ਨਾਲ ਕਦੇ ਕਿਸੇ ਹੋਰ ਪਾਰਟੀ ਦਾ ਨੁਕਸਾਨ ਨਹੀਂ ਸਗੋਂ ਆਪਣਾ ਹੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਦੋਵਾਂ ਆਗੂਆਂ ਵੱਲੋਂ ਸਿਰਫ ਆਪਣੇ ਨਿੱਜੀ ਸੁਆਰਥ ਦੇ ਲਈ ਕਲੇਸ਼ ਕੀਤਾ ਗਿਆ ਹੈ। ਮਾਣੂਕੇ ਨੇ ਕਿਹਾ ਕਿ ਦੋਵਾਂ ਆਗੂਆਂ ਦੇ ਵੱਲੋਂ ਕਦੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਤੇ ਪੰਜਾਬ ਦੇ ਹੋਰ ਮੁੱਦਿਆਂ ਦੀ ਗੱਲ ਕੀਤੀ ਗਈ ਸੀ ਉਨ੍ਹਾਂ ਵੱਲੋਂ ਉਹ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਮਾਣੂਕੇ ਦਾ ਸਿੱਧੂ ਦੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਸਿੱਧੂ ਦੇ ਆਪ ਚ ਆਉਣ ਦੀ ਅਫਵਾਹ ਕਿਵੇਂ ਉੱਡੀ। ਮਾਣੂਕੇ ਨੇ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੀ ਪਾਰਟੀ ਦੀ ਕਦੇ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੇ ਵਿਧਾਇਕ ਸੀ ਅਤੇ ਹੁਣ ਵੀ ਹਨ। ਇਸ ਦੌਰਾਨ ਮਾਣੂਕੇ ਨੇ ਸਿੱਧੂ ਦੇ ਪ੍ਰਧਾਨ ਬਣਨ ਤੇ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।