ਲੁਧਿਆਣਾ: ਪੂਰੇ ਵਿਸ਼ਵ ਭਰ ‘ਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੀ ਜਾਮਾ ਮਸਜਿਦ ‘ਚ ਅੱਜ ਈਦ ਮੌਕੇ ਵੱਡੀ ਤਦਾਦ ‘ਚ ਪੁੱਜੇ ਲੋਕਾਂ ਨੇ ਨਮਾਜ ਅਦਾ ਕੀਤੀ। ਇਸ ਮੌਕੇ ਸ਼ਾਹੀ ਇਮਾਮ ਅਤੇ ਨਾਇਬ ਸ਼ਾਹੀ ਇਮਾਮ ਨੇ ਲੋਕਾਂ ਦੇ ਨਾਂ ਸੰਦੇਸ਼ ਜਾਰੀ ਕੀਤਾ ਅਤੇ ਕਿਹਾ ਕਿ ਅੱਜ ਕੁਰਬਾਨੀ ਦਾ ਦਿਨ ਹੈ ਇਸ ਨੂੰ ਬਕਰ ਈਦ ਵੀ ਕਿਹਾ ਜਾਂਦਾ ਕਿਉਂਕਿ ਅੱਜ ਦਾ ਦਿਨ ਸਿਰਫ ਜਾਨਵਰ ਦੀ ਕੁਰਬਾਨੀ ਦਾ ਦਿਨ ਨਹੀਂ ਹੈ ਸਗੋਂ ਆਪਣੀਆਂ ਮਾੜੀਆਂ ਆਦਤਾਂ ਦੀ ਕੁਰਬਾਨੀ ਦਾ ਦਿਨ ਹੈ।
ਈਦ ਮੌਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਉਸਮਾਨ ਨੇ ਸੁਨੇਹਾ ਦਿੱਤਾ ਕਿ ਈਦ ਦਾ ਮਤਲਬ ਸਿਰਫ਼ ਕਿਸੇ ਜਾਨਵਰ ਦੀ ਕੁਰਬਾਨੀ ਦੇਣਾ ਨਹੀਂ ਸਗੋਂ ਆਪਣੀ ਸਭ ਤੋਂ ਕੀਮਤੀ ਚੀਜ਼ ਦੀ ਕੁਰਬਾਨੀ ਦੇਣਾ ਹੈ ਕਿਉਂਕਿ ਪਹਿਲੇ ਸਮਿਆਂ ਵਿੱਚ ਸਭ ਤੋਂ ਕੀਮਤੀ ਚੀਜ਼ ਮਵੇਸ਼ੀ ਹੀ ਹੁੰਦੇ ਸਨ ਅਤੇ ਇਹ ਕੁਰਬਾਨੀ ਸਾਨੂੰ ਯਾਦ ਕਰਾਉਂਦੀ ਹੈ ਕਿ ਸਾਨੂੰ ਹਮੇਸ਼ਾਂ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੇ ਬੇਟੇ ਦੀ ਕੁਰਬਾਨੀ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਆਪਣੇ ਮਵੇਸ਼ੀ ਦੀ ਕੁਰਬਾਨੀ ਦਿੱਤੀ ਅਤੇ ਇਸ ਦੌਰਾਨ ਜਿਹੜੀਆਂ ਔਕੜਾਂ ਸਨ ਉਨ੍ਹਾਂ ਸਾਰੀਆਂ ਨੂੰ ਉਨ੍ਹਾਂ ਨੇ ਇਕ ਪਾਸੇ ਰੱਖ ਕੇ ਖ਼ੁਦਾ ਦੇ ਹੁਕਮ ਨੂੰ ਸਿਰ ਮੱਥੇ ਲਾਇਆ। ਉਨ੍ਹਾਂ ਕਿਹਾ ਕਿ ਇਹ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਆਪਣੇ ਗੁਆਂਢੀ ਦੀ ਹਮੇਸ਼ਾ ਮਦਦ ਕਰਨ ਅਤੇ ਉਸ ਲਈ ਹਰ ਕੁਰਬਾਨੀ ਦੇਣ ਦਾ ਸੁਨੇਹਾ ਦੇਣ ਵਾਲੀ ਈਦ ਹੈ।