ਲੁਧਿਆਣਾ: ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਇੱਕ ਪਾਸੇ ਬੀਜੇਪੀ ਅਤੇ ਅਕਾਲੀ ਦਲ ਇਸ 'ਤੇ ਚੁਟਕੀ ਲੈ ਰਹੀ ਹੈ ਉਥੇ ਹੀ ਲੋਕ ਇਨਸਾਫ਼ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ 'ਚ ਸ਼ਾਮਲ ਹੋਣ ਅਤੇ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਉਣ ਦੀ ਗੱਲ ਆਖ ਰਹੀ ਹੈ।
ਲੁਧਿਆਣਾ ਪੁੱਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਮੁੱਖ ਮੰਤਰੀ ਨੇ ਮੰਤਰੀ ਦਾ ਮਹਿਕਮਾ ਬਦਲਿਆ ਹੋਵੇ ਅਤੇ ਉਸ ਮੰਤਰੀ ਨੇ ਮਹਿਕਮਾ ਹੀ ਨਾ ਲਿਆ ਹੋਵੇ। ਸਿੱਧੂ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਖ਼ੈਰ ਦੇਰ ਆਏ, ਦਰੁਸਤ ਆਏ।
ਦੂਜੇ ਪਾਸੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਬਲੀ ਦਾ ਬੱਕਰਾ ਬਣੇ ਤੇ ਉਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਮੇਲਜੋਲ ਦਾ ਖ਼ੁਲਾਸਾ ਕੀਤਾ ਸੀ ਜੋ ਕਾਂਗਰਸ ਨੂੰ ਰਾਸ ਨਹੀਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਨੂੰ ਆਪਣੀ ਪਾਰਟੀ 'ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ।