ਸ੍ਰੀ ਫਤਿਹਗੜ੍ਹ ਸਾਹਿਬ : ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ਉੱਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ। ਬੀਤੇ ਦਿਨ ਡਿਪੋਰਟ ਹੋਏ ਭਾਰਤੀਆਂ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਲਾਣੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ। ਜਿਸ ਨੇ ਆਪਣੀ ਹੱਡਬੀਤੀ ਸੁਣਾਈ ਹੈ। ਜੋ ਤੁਹਾਨੂੰ ਵੀ ਭਾਵੁਕ ਕਰ ਦੇਵੇਗੀ।
‘ਪਾਣੀ ਪੀ ਕੇ ਗੁਜਾਰਾ ਕਰਨਾ ਪਿਆ’
ਗੁਰਮੀਤ ਸਿੰਘ ਨੇ ਦੱਸਿਆ ਕਿ "ਉਹ 6 ਨਵੰਬਰ 2024 ਨੂੰ ਅਮਰੀਕ ਜਾਣ ਦੇ ਲਈ ਘਰੋਂ ਰਵਾਨਾ ਹੋਇਆ ਸੀ। ਉਨ੍ਹਾਂ ਦੀ ਜੈਪੁਰ ਤੋਂ 29 ਨਵੰਬਰ ਨੂੰ ਫਲਾਈਟ ਸੀ। ਪਹਿਲਾਂ ਉਸ ਦੀ 25 ਲੱਖ ਰੁਪਏ ਵਿੱਚ ਗੱਲ ਹੋਈ ਸੀ। ਪਰ ਬਾਅਦ ਉਨ੍ਹਾਂ ਨੂੰ ਹੋਰ ਪੈਸੇ ਦੇਣੇ ਪਏ। ਸਾਡੇ ਤੋਂ ਰਸਤੇ ਵਿੱਚ ਹੋਰ ਪੈਸੇ ਮੰਗੇ ਗਏ ਅਤੇ ਕਿਹਾ ਗਿਆ ਜੇਕਰ ਪੈਸੇ ਨਾ ਦਿੱਤੇ ਤਾਂ ਮਾਰ ਦੇਵਾਂਗੇ। ਜੇਕਰ ਅਸੀਂ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਸੀ ਤਾਂ ਸਾਡੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਅਸੀਂ ਡਰਦੇ ਹੋਏ ਘਰੋਂ ਹੋਰ ਪੈਸੇ ਮੰਗਵਾਕੇ ਦੇ ਦਿੰਦੇ ਸੀ ਤਾਂ ਜੋ ਅਮਰੀਕਾ ਪਹੁੰਚ ਸਕੀਏ। ਸਾਨੂੰ ਖਾਣ ਲਈ ਵੀ ਕੁਝ ਨਹੀਂ ਦਿੱਤਾ ਜਾਂਦਾ ਸੀ, ਅਸੀਂ ਪਾਣੀ ਪੀ-ਪੀ ਕੇ ਗੁਜਾਰਾ ਕਰਦੇ ਸੀ।"
![GURMEET SINGH DEPORT FROM USA](https://etvbharatimages.akamaized.net/etvbharat/prod-images/16-02-2025/23555560_grgrgrg.png)
‘ਪੀਣ ਲਈ ਵੀ ਪਾਣੀ ਵੀ ਨਹੀਂ ਦਿੰਦੇ ਸਨ ਡੋਕਰ’
ਪੀੜਤ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ। ਉੱਥੇ ਖਾਣ ਦੇ ਲਈ ਵੀ ਕੋਈ ਚੰਗਾ ਪ੍ਰਬੰਧ ਨਹੀਂ ਸੀ ਅਤੇ ਪੀਣ ਲਈ ਜੋ ਪਾਣੀ ਦਿੱਤਾ ਜਾਂਦਾ ਸੀ ਉਹ ਵੀ ਬਹੁਤ ਘੱਟ ਮਾਤਰਾ ਵਿੱਚ ਹੀ ਦਿੱਤਾ ਜਾਂਦਾ ਸੀ। ਅਸੀਂ ਜੰਗਲਾਂ ਵਿੱਚ ਹੀ ਰਾਤਾਂ ਕੱਟੀਆਂ ਹਨ। ਜੇਕਰ ਸਾਨੂੰ ਜੰਗਲ ਵਿੱਚ ਕੋਈ ਪੰਜਾਬੀ ਮਿਲਦਾ ਸੀ ਤਾਂ ਉਹ ਸਾਡੀ ਲਈ ਬਿਸਕੁਟ ਜਾਂ ਕੋਈ ਹੋਰ ਖਾਣ ਦੀ ਚੀਜ ਦੇ ਕੇ ਜਾਂਦਾ ਸੀ। ਅਸੀਂ ਕਈ ਮਹੀਨੇ ਪਾਣੀ ਪੀ-ਪੀ ਕੇ ਹੀ ਗੁਜ਼ਾਰਾ ਕੀਤਾ। ਸਾਡੇ ਉੱਤੇ ਬਹੁਤ ਤਸ਼ੱਦਦ ਹੋਏ। ਗੁਰਮੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਡੰਕੀ ਲਗਾਕੇ ਵਿਦੇਸ਼ ਨਾ ਜਾਣ।