ਅੰਮ੍ਰਿਤਸਰ: ਦੇਰ ਰਾਤ ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਆਪਣੇ ਸਾਥੀਆਂ ਨਾਲ ਘਰ ਦੇ ਬਾਹਰ ਖੜ੍ਹੇ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵੱਜੋਂ ਹੋਈ ਹੈ। ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਆਉਂਦੇ ਹੀ ਮਨਦੀਪ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਨਦੀਪ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਮਨਦੀਪ ਸਿੰਘ ਦੀ ਲਾਸ਼ ਰੋਡ ਉੱਤੇ ਰੱਖਕੇ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ "ਜਦ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਸੀਂ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਡੇਵਿਡ ਅਤੇ ਕਾਸ਼ੀ ਵੱਲੋਂ ਸਾਡੇ ਲੜਕੇ ਮਨਦੀਪ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸਦੀ ਅਸੀਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਰਾਤ ਇੱਕ ਵਾਰ ਫਿਰ ਡੇਵਿਡ ਤੇ ਕਾਸ਼ੀ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਅਤੇ ਸਾਡੇ ਲੜਕੇ ਮਨਦੀਪ ਸਿੰਘ 'ਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਸਾਡੇ ਸਾਹਮਣੇ ਹੀ ਮੁਲਜ਼ਮਾਂ ਨੂੰ ਗੋਲੀ ਮਾਰੇ। ਜਦੋਂ ਤੱਕ ਉਨ੍ਹਾਂ ਦਾ ਇੱਕ ਬੰਦਾ ਸਾਡੇ ਮਨਦੀਪ ਦੇ ਬਰਾਬਰ ਨਹੀਂ ਪਾਇਆ ਜਾਂਦਾ ਅਸੀਂ ਸਸਕਾਰ ਨਹੀਂ ਕਰਾਂਗੇ।"
ਪਿੰਡ ਵਾਸੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਦੀ ਇੱਕ ਛੋਟੀ ਬੱਚੀ ਵੀ ਹੈ। ਮਨਦੀਪ ਸਿੰਘ 2 ਭੈਣਾ ਦਾ ਇਕਲੌਤਾ ਭਰਾ ਸੀ। ਉਹ ਬਹੁਤ ਹੀ ਚੰਗੇ ਸੁਭਾਅ ਦਾ ਅਤੇ ਮਾਂ-ਪਿਓ ਦੀ ਸੇਵਾ ਕਰਨ ਵਾਲਾ ਲੜਕਾ ਸੀ। ਸਾਡੇ ਪੂਰੇ ਪਿੰਡ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ "ਮਨਦੀਪ ਨਾਂ ਦਾ ਨੌਜਵਾਨ ਜੋ ਕਿ ਮਾਹਲ ਪਿੰਡ ਦਾ ਰਹਿਣ ਵਾਲਾ ਸੀ, ਉਸoe ਦੇਰ ਰਾਤ 2 ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਅਸੀਂ ਮੌਕੇ ਉੱਤੇ ਪੁੱਜੇ ਹਾਂ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਲਦ ਹੀ ਡੇਵਿਡ ਤੇ ਕਾਸ਼ੀ ਨੂੰ ਕਾਬੂ ਕਰ ਜੇਲ੍ਹ ਭੇਜਿਆ ਜਾਵੇਗਾ।"