ਲੁਧਿਆਣਾ: ਆਜ਼ਾਦ ਸਮਾਜ ਪਾਰਟੀ ਵੱਲੋਂ ਲੁਧਿਆਣਾ ਵਿਖੇ ਪਹਿਲੀ ਕਾਨਫ਼ਰੰਸ ਕੀਤੀ ਗਈ। ਇਸ ਪਾਰਟੀ ਦਾ ਨਾਂਅ ਆਜ਼ਾਦੀ ਦੀ ਜੰਗ ਵਿੱਚ ਸ਼ਹੀਦ ਵਾਲੇ ਚੰਦਰਸ਼ੇਖ਼ਰ ਆਜ਼ਾਦ ਦੇ ਨਾਂਅ ਉੱਤੇ ਰੱਖਿਆ ਗਿਆ ਹੈ।
ਆਜ਼ਾਦ ਸਮਾਜ ਪਾਰਟੀ ਵੱਲੋਂ ਲੁਧਿਆਣਾ ਵਿਖੇ ਕੀਤੀ ਗਈ ਕਾਨਫ਼ਰੰਸ ਦੌਰਾਨ ਰਾਜੀਵ ਕੁਮਾਰ ਲਵਲੀ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਪਾਰਟੀ ਦੀ ਪਹਿਲੀ ਕਾਨਫ਼ਰੰਸ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਨੇ ਰਾਜੀਵ ਕੁਮਾਰ ਲਵਲੀ ਨੂੰ ਪੰਜਾਬ ਦਾ ਪਾਰਟੀ ਪ੍ਰਧਾਨ ਥਾਪਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਪੰਜਾਬ ਪੱਧਰ ਉੱਤੇ ਕਮੇਟੀਆਂ ਬਣਾਉਣ ਅਤੇ ਪਾਰਟੀ ਦੇ ਮੁੱਦਿਆਂ ਨੂੰ ਲੈ ਕੇ ਕੰਮ ਕਰਨਗੇ। ਮੁੱਦਿਆਂ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਪਾਰਟੀ ਦਾ ਪਹਿਲਾਂ ਏਜੰਡਾ ਦੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਅਤੇ ਉਸ ਨੂੰ ਪੂਰਨ ਤੌਰ ਉੱਤੇ ਲਾਗੂ ਕਰਵਾਉਣਾ ਹੈ।
ਇਸ ਦੌਰਾਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਂਗਰਸ 'ਤੇ ਨਿਸ਼ਾਨਾ ਲਾਉਂਦੇ ਹੋਏ ਆਗ਼ਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਅਤੇ ਜਿੱਤਣ ਦਾ ਦਾਅਵਾ ਕੀਤਾ। ਚੰਦਰ ਸ਼ੇਖਰ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਹਰ ਫਰੰਟ ਤੇ ਫੇਲ ਹੋਈ, ਚੀਨ ਤੋਂ ਬਾਅਦ ਨੇਪਾਲ ਵਰਗਾ ਦੇਸ਼ ਵੀ ਭਾਰਤ ਨੂੰ ਅੱਖਾਂ ਵਿਖਾਉਣ ਲੱਗਾ ਹੈ।
ਉਨ੍ਹਾਂ ਕਿਹਾ ਦੇਸ਼ ਦੇ ਦਲਿਤਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਸਿਰਫ਼ ਸਿਆਸੀ ਪਾਰਟੀਆਂ ਵੱਲੋਂ ਅੱਜ ਤੱਕ ਵੋਟਾਂ ਲਈ ਵਰਤਿਆ ਗਿਆ ਹੈ ਪਰ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਪਾਰਟੀ ਵੱਲੋਂ ਚੋਣਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਦੇ ਵਿੱਚ ਪਾਰਟੀ ਦਾ ਵਿਸਥਾਰ ਕਰਨਗੇ।