ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਪੰਜਾਬ ਵਿੱਚ ਬਾਹਰਲੀਆਂ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਹੀ ਆਸਟ੍ਰੇਲੀਆ ਤੋਂ ਆਇਆ ਵਪਾਰੀਆਂ ਦਾ ਇੱਕ ਵਫਦ ਵਿਸ਼ੇਸ਼ ਤੌਰ ਉਤੇ ਲੁਧਿਆਣਾ ਪਹੁੰਚਿਆ। ਉਨ੍ਹਾਂ ਵੱਲੋਂ ਪੰਜਾਬ ਵਿਚ ਵਪਾਰ ਲਈ ਫੈਸਲਾ ਕੀਤਾ ਗਿਆ ਹੈ ਅਤੇ ਨਾਲ ਹੀ ਲੁਧਿਆਣਾ ਤੋਂ ਸਥਾਨਕ ਐਮਐਲਏ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਮੂਲ ਰੂਪ ਤੋਂ ਆਸਟ੍ਰੇਲੀਆ ਨਾਲ ਸਬੰਧਿਤ ਬਾਇਓਟੈਕਨਾਲੋਜੀ ਕੰਪਨੀ ਵੱਲੋਂ ਕੁਝ ਪ੍ਰੋਡਕਟ ਪੰਜਾਬ ਵਿੱਚ ਲੌਂਚ ਕੀਤੇ ਗਏ ਹਨ। ਪੰਜਾਬ ਵਿੱਚ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਵਪਾਰ ਦੇ ਸੁਖਾਲੇ ਮਹੌਲ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ ਹਨ। ਇਸ ਤਿੰਨ ਮੈਂਬਰੀ ਵਫਦ ਵੱਲੋਂ ਲੁਧਿਆਣਾ ਤੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ, ਇਸ ਦੌਰਾਨ ਲੁਧਿਆਣਾ ਦੇ ਵਪਾਰੀ, ਸਾਬਕਾ ਇੰਡਸਟਰੀ ਚੇਅਰਮੈਨ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ।
ਭਾਰਤ ਵਿੱਚ ਵਪਾਰ ਲਈ ਚੰਗਾ ਮਾਹੌਲ : ਇਸ ਮੌਕੇ ਵਫਦ ਨਾਲ ਆਏ ਅਸਟ੍ਰੇਲੀਅਨ ਮੂਲ ਦੇ ਵਪਾਰੀਆਂ ਨੇ ਕਿਹਾ ਭਾਰਤ ਦੇ ਵਿੱਚ ਵਪਾਰ ਲਈ ਚੰਗਾ ਮਾਹੌਲ ਹੈ ਅਤੇ ਭਾਰਤ ਦੇ ਵਿਚ ਨੌਜਵਾਨਾਂ ਦੀ ਭਰਮਾਰ ਹੈ। ਭਾਰਤ ਵਿਸ਼ਵ ਭਰ ਵਿਚ ਤੇਜ਼ੀ ਨਾਲ ਤਰੱਕੀ ਲਈ ਜਾਣਿਆ ਜਾਂਦਾ ਹੈ। ਭਾਰਤ ਦੇ ਆਸਟ੍ਰੇਲੀਆ ਦੇ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਵੀ ਕਾਫੀ ਮਸ਼ਹੂਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀਆਂ ਦੀ ਆਓ-ਭਗਤ ਅਤੇ ਭਾਰਤ ਦੇ ਖਾਣੇ ਦੀ ਸ਼ਲਾਘਾ ਕੀਤੀ। ਵਫਦ ਦੇ ਮੈਬਰਾਂ ਨੇ ਕਿਹਾ ਕਿ ਭਾਰਤ ਹੁਣ ਸਾਨੂੰ ਆਪਣੇ ਘਰ ਵਰਗਾ ਹੀ ਲਗਦਾ ਹੈ। ਏਬੀਜੀ ਗਰੁੱਪ ਦੀ ਮਾਲਿਕ ਜੈਸਿਕਾ ਅਤੇ ਹਾਈ ਹਾਈਟਸ ਦੇ ਮਾਲਿਕ ਪ੍ਰੀਆਂਸ਼ੁ ਬੱਤਾ ਨੇ ਦੱਸਿਆ ਕਿ ਆਸਟ੍ਰੇਲੀਆ ਅਧਾਰਿਤ ਕੰਪਨੀ ਵਲੋਂ ਪੰਜਾਬ ਵਿੱਚ ਵਪਾਰ ਲਈ ਦਵਾਈਆਂ ਦੇ ਕੁੱਝ ਪ੍ਰੋਡਕਟਾਂ ਨੂੰ ਲਾਂਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਐਲਐਲਏ ਕੁਲਵੰਤ ਸਿੱਧੂ ਵੱਲੋਂ ਇਸ ਵਫਦ ਦਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਕੀਤੀ ਮੀਟਿੰਗ, ਸੁਣੀਆਂ ਕਿਸਾਨਾਂ ਦੀਆਂ ਸਮੱਸਿਆਵਾਂ
ਬਾਹਰੋਂ ਆਇਆ ਇਹ ਵਫਦ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਬੀਤੇ ਦਿਨਾਂ ਦੇ ਅੰਦਰ ਨਿਵੇਸ਼ ਪੰਜਾਬ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ, ਇਹ ਉਸ ਦਾ ਹੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਪੰਜਾਬ ਦੀ ਸੋਚ ਉਤੇ ਸਵਾਲ ਚੁੱਕ ਰਹੇ ਸਨ, ਇਹ ਵਫ਼ਦ ਉਨ੍ਹਾਂ ਦੇ ਲਈ ਜਵਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੰਗਾ ਮਾਹੌਲ ਹੈ, ਇਸੇ ਕਰਕੇ ਵਪਾਰੀ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵਿਦੇਸ਼ੀ ਵਪਾਰੀਆਂ ਦਾ ਵਫਦ ਲੁਧਿਆਣਾ ਪਹੁੰਚਿਆ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।