ਖੰਨਾ : ਖੰਨਾ ਦੇ ਵਾਰਡ ਨੰਬਰ 7 ਦੇ ਰਿਹਾਇਸ਼ੀ ਇਲਾਕੇ ਵਿੱਚ ਕੂੜੇ ਦੇ ਡੰਪ ਨੂੰ ਲੈਕੇ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਰੋਸ ਮੁਜ਼ਾਹਰਾ ਕੀਤਾ ਹੈ। ਲੋਕਾਂ ਵੱਲੋਂ ਡੰਪ ਨਾ ਚੁੱਕੇ ਜਾਣ ਉਤੇ ਰੋਡ ਜਾਮ ਦਾ ਐਲਾਨ ਕੀਤਾ ਗਿਆ। ਕੂੜੇ ਦੀਆਂ ਟਰਾਲੀਆਂ ਭਰ ਕੇ ਨਗਰ ਕੌਂਸਲ ਬਾਹਰ ਢੇਰੀ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਓਥੇ ਹੀ ਨਗਰ ਕੌਂਸਲ ਪ੍ਰਧਾਨ ਉਪਰ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਇਲਜ਼ਾਮ ਲਾਏ ਗਏ ਹਨ। ਡੰਪ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਨ ਕਿ ਕਾਂਗਰਸ ਬਨਾਮ ਕਾਂਗਰਸ ਰੋਸ ਮੁਜ਼ਾਹਰਾ ਹੋ ਰਿਹਾ ਹੈ। ਇਸ ਮੁਜ਼ਾਹਰੇ 'ਚ ਕਾਂਗਰਸੀ ਕੌਂਸਲਰ ਨੀਰੂ ਰਾਣੀ ਦਾ ਪਤੀ ਸ਼ਾਮਲ ਹੋਇਆ ਜਿਸਨੇ ਆਪਣੀ ਪਾਰਟੀ ਦੀ ਕੌਂਸਲ ਖਿਲਾਫ ਹੀ ਰੋਡ ਜਾਮ ਦਾ ਐਲਾਨ ਕੀਤਾ।
ਸਮੱਸਿਆ ਦਾ ਹੱਲ ਨਾ ਹੋਣ ਉਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ : ਰਿਹਾਇਸ਼ੀ ਇਲਾਕੇ 'ਚ ਕੂੜੇ ਦੇ ਡੰਪ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਰੱਖਿਆ ਹੈ। ਬਹੁਤ ਦਿਨਾਂ ਤੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਲੋਕਾਂ ਨੇ ਅਪੀਲ ਕੀਤੀ ਗਈ, ਪਰ ਕਿਸੇ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਕੌਂਸਲਰ ਵੀ ਨਗਰ ਕੌਂਸਲ ਤੋਂ ਤੰਗ ਆਏ ਤਾਂ ਗੱਲ ਰੋਸ ਮੁਜ਼ਾਹਰੇ ਤਕ ਪਹੁੰਚ ਗਈ। ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਖਿਲਾਫ ਰੋਸ ਮੁਜ਼ਾਹਰਾ ਕੀਤਾ। ਨਗਰ ਕੌਂਸਲ ਪ੍ਰਧਾਨ ਉਪਰ ਕੂੜੇ ਦੇ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਦੋਸ਼ ਤੱਕ ਲਾਏ ਗਏ ਹਨ। ਗਗਨਦੀਪ ਕੌਰ ਕਾਲੀਰਾਓ ਨੇ ਕਿਹਾ ਕਿ ਇੱਥੋਂ ਤਾਂ ਲੰਘਣਾ ਮੁਸ਼ਕਲ ਹੋ ਗਿਆ ਹੈ। ਚਾਰੇ ਪਾਸੇ ਬਦਬੂ ਫੈਲੀ ਰਹਿੰਦੀ ਹੈ। ਬੀਮਾਰੀਆਂ ਲੱਗ ਰਹੀਆਂ ਹਨ, ਪਰ ਕੂੜੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜੇਕਰ ਇਸਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ।
- ਭੀਮ ਆਰਮੀ ਦੇ ਆਗੂ ਚੰਦਰ ਸ਼ੇਖਰ ਅਜ਼ਾਦ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਮੀਡੀਆ ਅੱਗੇ ਕੀਤੇ ਵੱਡੇ ਖੁਲਾਸੇ
- Uniform Civil Code : ਮੋਦੀ ਸਰਕਾਰ ਦੀ 'ਗੁਗਲੀ' 'ਤੇ ਵਿਰੋਧੀ ਧਿਰ ਦਾ ਵਾਰ, ਯੂਨੀਫਾਰਮ ਸਿਵਲ ਕੋਡ ਨੂੰ ਦੱਸਿਆ ਕੋਝੀ ਸਿਆਸਤ
- ਭਾਰੀ ਮੀਂਹ ਕਾਰਨ ਸੂਰਤ 'ਚ 40 ਦਿਨ ਪਹਿਲਾਂ ਸ਼ੁਰੂ ਹੋਏ ਪੁਲ 'ਚ ਆਈ ਦਰਾਰ, ਅਹਿਮਦਾਬਾਦ 'ਚ ਡਿੱਗੀ ਘਰ ਦੀ ਬਾਲਕੋਨੀ
ਟਰਾਲੀ ਵਿੱਚ ਕੂੜਾ ਭਰ ਕੇ ਨਗਰ ਕੌਂਸਲ ਦਫ਼ਤਰ ਬਾਹਰ ਸੁੱਟਾਂਗੇ : ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਚਾਰ-ਚਾਰ ਘੰਟੇ ਕੂੜੇ ਦੇ ਠੇਕੇਦਾਰ ਕੋਲ ਬੈਠੇ ਰਹਿੰਦੇ ਹਨ। ਫਰਜ਼ੀ ਬਿੱਲ ਬਣਾਏ ਜਾਂਦੇ ਹਨ। ਜਦੋਂ ਕੂੜਾ ਚੁੱਕਿਆ ਹੀ ਨਹੀਂ ਜਾ ਰਿਹਾ ਤਾਂ ਕਿਸ ਗੱਲ ਦੇ ਬਿੱਲ ਬਣਦੇ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟੇ ਅੰਦਰ ਕੂੜਾ ਨਾ ਚੁੱਕਿਆ ਗਿਆ ਤਾਂ ਉਹ ਖੁਦ ਟਰਾਲੀ 'ਚ ਕੂੜਾ ਭਰ ਕੇ ਨਗਰ ਕੌਂਸਲ ਬਾਹਰ ਢੇਰੀ ਲਾਉਣਗੇ। ਕੌਂਸਲਰ ਨੀਰੂ ਰਾਣੀ ਦੇ ਪਤੀ ਨਰਿੰਦਰ ਵਰਮਾ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਕੂੜਾ ਇਕੱਠਾ ਕਰ ਕੇ ਵਾਰਡ ਨੰਬਰ 7 ਵਿਖੇ ਰੇਲਵੇ ਲਾਈਨਾਂ ਕੋਲ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨਾਲ ਹੀ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਹੈ। ਇੱਥੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਜੇਕਰ ਕੂੜੇ ਦਾ ਹੱਲ ਨਾ ਹੋਇਆ ਤਾਂ ਉਹ ਰੋਡ ਜਾਮ ਕਰਨਗੇ।
ਉਥੇ ਹੀ ਦੂਜੇ ਪਾਸੇ ਜਦੋਂ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਜੇਕਰ ਕਿਸੇ ਵੀ ਕੌਂਸਲਰ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਹਨਾਂ ਨਾਲ ਗੱਲ ਕਰਨ। ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਾਇਆ ਜਾ ਰਿਹਾ। ਅਕਾਲੀ ਕੌਂਸਲਰ ਜਾਣਬੁੱਝ ਕੇ ਕੌਂਸਲ ਨੂੰ ਬਦਨਾਮ ਕਰ ਰਹੇ ਹਨ। ਇਹ ਘਟੀਆ ਕਿਸਮ ਦੀ ਰਾਜਨੀਤੀ ਹੈ।