ਖੰਨਾ: ਖੰਨਾ ਸ਼ਹਿਰ ਵਿਚ ਬੀਤੇ ਦਿਨ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਇਸ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪਰਿਵਾਰਿਕ ਮੈਂਬਰਾਂ ਨੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ।ਉਸਦੇ ਰਿਸ਼ਤੇਦਾਰਾਂ ਨੇ ਹਸਪਤਾਲ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਗੁੱਸੇ 'ਚ ਆਏ ਕੁਝ ਰਿਸ਼ਤੇਦਾਰਾਂ ਨੇ ਹਸਪਤਾਲ ਵਿੱਚ ਭੰਨਤੋੜ ਕੀਤੀ ਅਤੇ ਗੇਟ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਸਥਿਤੀ ਨੂੰ ਵਿਗੜਦੀ ਵੇਖ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ।
ਇਲਾਜ ਦੌਰਾਨ ਲਾਪਰਵਾਹੀ ਨਾਲ ਹੋਈ ਮੌਤ : ਜਾਣਕਾਰੀ ਮੁਤਾਬਿਕ ਖੰਨਾ ਦੇ ਮਾਡਲ ਟਾਊਨ ਵਿਖੇ ਰਹਿਣ ਵਾਲੇ ਸਤਨਾਮ ਸਿੰਘ (55) ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਵੀ ਇਥੇ ਇਲਾਜ ਲਈ ਪਹੁੰਚੇ ਤਾਂ ਡਾਕਟਰਾਂ ਨੇ ਅਪ੍ਰੇਸ਼ਨ ਲਈ ਕਿਹਾ। ਪਰਿਵਾਰ ਨੇ ਸਾਰੀਆਂ ਫਾਰਮੇਲਟੀਆਂ ਪੂਰੀਆਂ ਕੀਤੀਆਂ ਅਤੇ ਸਤਨਾਮ ਸਿੰਘ ਦਾ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਸਤਨਾਮ ਸਿੰਘ ਦੇ ਪੁੱਤਰ ਸੰਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਸਵੇਰੇ 11 ਵਜੇ ਦੇ ਕਰੀਬ ਖੰਨਾ ਨਰਸਿੰਗ ਹੋਮ ਲੈ ਕੇ ਆਇਆ ਸੀ। ਉਹਨਾਂ ਕੋਲੋਂ 11 ਹਜ਼ਾਰ ਰੁਪਏ ਐਡਵਾਂਸ ਜਮ੍ਹਾ ਕਰਵਾਏ ਗਏ ਸੀ।ਇਸਦੇ ਨਾਲ ਹੀ ਆਯੂਸ਼ਮਾਨ ਕਾਰਡ ਵੀ ਲਿਆ ਗਿਆ। ਡਾਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਦੋ-ਤਿੰਨ ਸਟੰਟ ਪੈਣਗੇ। ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਜਿਸਤੋਂ ਬਾਅਦ ਪਰਿਵਾਰ ਸਟੰਟ ਪਾਉਣ ਲਈ ਰਾਜੀ ਹੋਇਆ ਸੀ। ਸੰਨੀ ਦਾ ਦੋਸ਼ ਹੈ ਕਿ ਉਸਦੇ ਪਿਤਾ ਬਿਲਕੁਲ ਠੀਕ ਸਨ। ਇਲਾਜ 'ਚ ਇੰਨੀ ਲਾਪਰਵਾਹੀ ਕੀਤੀ ਗਈ ਕਿ ਉਸਦੇ ਪਿਤਾ ਦੀ ਜਾਨ ਚਲੀ ਗਈ।
ਪਰਿਵਾਰ ਨੇ ਲਾਏ ਗੰਭੀਰ ਦੋਸ਼ : ਮ੍ਰਿਤਕ ਦੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਸਤਨਾਮ ਸਿੰਘ ਕੁਝ ਦਿਨ ਪਹਿਲਾਂ ਖੰਨਾ ਨਰਸਿੰਗ ਹੋਮ ਆਇਆ ਸੀ। ਉਥੇ ਚੈਕਅੱਪ ਕਰਨ ਤੋਂ ਬਾਅਦ ਉਸਦੇ ਭਰਾ ਨੂੰ ਦੱਸਿਆ ਗਿਆ ਕਿ ਉਸਦਾ ਮਾਮੂਲੀ ਆਪਰੇਸ਼ਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਸਦੀ ਸਿਹਤ ਬਿਲਕੁਲ ਠੀਕ ਹੋ ਜਾਵੇਗੀ। ਬੁੱਧਵਾਰ ਸਵੇਰੇ ਉਸਦਾ ਭਰਾ ਖੁਦ ਮੋਟਰਸਾਈਕਲ ਚਲਾ ਕੇ ਘਰ ਤੋਂ ਹਸਪਤਾਲ ਪਹੁੰਚਿਆ। ਸ਼ਾਮ ਨੂੰ ਉਸਦੇ ਭਰਾ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ। ਕੁਝ ਮਿੰਟਾਂ ਬਾਅਦ ਬਾਹਰ ਆ ਕੇ ਕਿਹਾ ਗਿਆ ਕਿ ਮਰੀਜ਼ ਦੀ ਮੌਤ ਹੋ ਗਈ ਹੈ। ਲਾਸ਼ ਨੂੰ ਘਰ ਲੈ ਜਾਓ। ਮੌਤ ਦਾ ਕੀ ਕਾਰਨ ਰਿਹਾ ਇਸ ਬਾਰੇ ਕੁੱਝ ਨਹੀਂ ਦੱਸਿਆ ਗਿਆ ਤਾਂ ਉਹਨਾਂ ਨੂੰ ਇਲਾਜ ਉਪਰ ਸ਼ੱਕ ਹੋਇਆ।
- ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ
- China News: ਚੀਨ ਦੇ ਯਿਨਚੁਆਨ ਰੈਸਟੋਰੈਂਟ 'ਚ ਜ਼ਬਰਦਸਤ ਧਮਾਕਾ, 31 ਲੋਕਾਂ ਦੀ ਮੌਤ
- Attack on Kabaddi player: ਮੋਗਾ ਵਿਖੇ ਕਬੱਡੀ ਖਿਡਾਰੀ ਦੇ ਘਰ ਉਤੇ ਹਮਲਾ, ਮਾਂ ਦੇ ਵੱਜੀਆਂ ਗੋਲ਼ੀਆਂ, ਹਾਲਤ ਗੰਭੀਰ
ਇਲਾਜ ਦੌਰਾਨ ਕੋਈ ਲਾਪਰਵਾਹੀ ਨਹੀਂ ਹੋਈ : ਡਾ. ਪੰਕਜ ਖੰਨਾ ਨਰਸਿੰਗ ਹੋਮ ਦੇ ਡਾਕਟਰ ਪੰਕਜ ਨੇ ਦੱਸਿਆ ਕਿ ਇਹ ਹਾਈ ਰਿਸਕ ਕੇਸ ਸੀ। 80 ਫੀਸਦੀ ਬਲੌਕੇਜ ਸੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਕੇਸ ਵਿੱਚ ਜਾਂ ਤਾਂ ਬਾਈਪਾਸ ਸਰਜਰੀ ਹੋਵੇਗੀ ਜਾਂ ਸਟੰਟ ਪੈਣਗੇ। ਪਰਿਵਾਰ ਵਾਲਿਆਂ ਦੀ ਸਹਿਮਤੀ 'ਤੇ ਹੀ ਸਟੰਟ ਪਾਏ ਗਏ। ਪ੍ਰੰਤੂ ਇਸੇ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਉਨ੍ਹਾਂ ਵੱਲੋਂ ਕੋਈ ਅਣਗਹਿਲੀ ਨਹੀਂ ਕੀਤੀ ਗਈ। ਮਰੀਜ਼ ਦੇ ਰਿਸ਼ਤੇਦਾਰ ਬੇਬੁਨਿਆਦ ਦੋਸ਼ ਲਗਾ ਰਹੇ ਹਨ।
ਉਥੇ ਹੀ ਮੌਕੇ 'ਤੇ ਸਿਟੀ ਥਾਣਾ 2 ਦੇ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲਾਂ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਗਿਆ। ਹੁਣ ਦੋਵਾਂ ਧਿਰਾਂ ਨੂੰ ਸੁਣਿਆ ਜਾ ਰਿਹਾ ਹੈ। ਜੋ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।