ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇੱਕ ਗੈਂਗਸਟਰ ਨੂੰ ਆਪਣੇ ਨਾਲ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਗਏ। ਉਨ੍ਹਾਂ ਨੇ ਆਪਣੇ ਹੱਥ ਵਿਚ ਹੀ ਫ਼ੜਿਆ ਹੋਇਆ ਸੀ ਜੋ ਰਿਵਾਲਵਰ ਨੌਜਵਾਨ ਨੇ ਹੀ ਵਿਧਾਇਕ ਨੂੰ ਦਿੱਤਾ ਸੀ। ਇਸ ਦੌਰਾਨ ਵਿਧਾਇਕ ਸਾਹਿਬ ਖੁਦ ਹੱਥ ਵਿੱਚ ਹਥਿਆਰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਨੌਜਵਾਨ ਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ ਸੁੱਖ ਦੀ ਜ਼ਿੰਦਗੀ ਜਿਓਂ ਸਕੇ ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਦੇ ਨੌਜਵਾਨ ਵੱਡੀ ਤਦਾਦ ਅੰਦਰ ਗ਼ਲਤ ਰਾਹ ’ਤੇ ਪੈ ਗਏ ਸਨ ਜਿੰਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਉਹ ਅੱਜ ਆਪਣੇ ਨਾਲ ਲੈ ਕੇ ਆਏ ਹਨ ਜੋ ਕਾਫੀ ਡਰਿਆ ਹੋਇਆ ਹੈ ਅਤੇ ਉਸ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਅਤੇ ਹੁਣ ਉਹ ਆਪ ਸੁਧਰਨਾ ਚਾਹੁੰਦਾ ਹੈ ਜਿਸ ਕਰਕੇ ਉਸ ਨੂੰ ਅੱਜ ਪੁਲੀਸ ਸਟੇਸ਼ਨ ਲੈ ਕੇ ਆਏ ਹਨ ਤਾਂ ਜੋ ਉਹ ਆਪਣਾ ਹਥਿਆਰ ਇੱਥੇ ਦੇ ਕੇ ਪੁਲਿਸ ਕੋਲ ਆਤਮ ਸਮਰਪਣ ਕਰ ਸਕੇ।
ਓਧਰ ਦੂਜੇ ਪਾਸੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਚੰਗੀ ਪਹਿਲ ਹੈ ਕਿ ਨੌਜਵਾਨ ਖੁਦ ਆਤਮ ਸਮਰਪਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ’ਤੇ ਕਈ ਮਾਮਲੇ ਦਰਜ ਹਨ ਅਤੇ ਉਹ ਕਈ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ।ਐਸਐਸਪੀ ਨੇ ਕਿਹਾ ਕਿ ਸਾਡੀ ਪੁਲਿਸ ਫੋਰਸ ਵੀ ਕਾਫੀ ਦੇਰ ਤੋਂ ਇਸ ਨੌਜਵਾਨ ਨੂੰ ਲੱਭ ਕਰ ਰਹੀ ਸੀ ਅਤੇ ਅੱਜ ਉਸਨੇ ਖ਼ੁਦ ਆ ਕੇ ਦਫ਼ਤਰ ਵਿੱਚ ਆਤਮ ਸਮਰਪਣ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਜ਼ਰੂਰ ਨੌਜ਼ਵਾਨ ਦੀ ਜਿੰਨੀ ਮਦਦ ਹੋ ਸਕੇ ਕਰਾਂਗੇ ਪਰ ਜੋ ਜ਼ੁਰਮ ਵਿੱਚ ਇਸ ਦੀ ਸ਼ਮੂਲੀਅਤ ਰਹੀ ਹੈ ਉਸ ਸਬੰਧੀ ਅਸੀਂ ਜੋ ਕਨੂੰਨੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੈ ਕੇ ਆਵਾਂਗੇ।
ਇਹ ਵੀ ਪੜ੍ਹੋ: ਸਿਆਸੀ ਸ਼ਗੂਫਿਆਂ ’ਚ ਨਹੀਂ ਪੈਣਾ ਚਾਹੁੰਦੇ, ਲੋਕਾਂ ’ਚ ਜਾਵਾਂਗੇ, ਮਸਲੇ ਹੱਲ ਕਰਾਂਗੇ- ਅਮਨ ਅਰੋੜਾ