ਲੁਧਿਆਣਾ: ਰਾਏਕੋਟ ਦੇ ਲਾਗਲੇ ਕਸਬਾ ਜੋਧਾਂ ਦੀ ਦਾਣਾ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਮੋਰਚੇ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ 'ਇਨਕਲਾਬੀ ਸਮਾਗਮ’ ਮੰਚ ਦੇ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ‘ਜਪਾਨ’, ਸਰਪ੍ਰਸਤ ਦਵਿੰਦਰ ਸਿੰਘ ਪੱਪੂ ‘ਬੇਲਜਿਯਮ’, ਕੌਮਾਂਤਰੀ ਜਨਰਲ ਸਕੱਤਰ ਬਲਿਹਾਰ ਸੰਧੂ ‘ਆਸਟ੍ਰੇਲੀਆ’, ਕੌਮਾਂਤਰੀ ਚੇਅਰਪਰਸਨ ਬੀਬੀ ਰਣਬੀਰ ਕੌਰ ਬੱਲ ‘ਯੂਐਸਏ’ ਅਤੇ ਕੌਮਾਂਤਰੀ ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ‘ਇਟਲੀ’ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਮਜ਼ਦੂਰ ਆਗੂ ਪ੍ਰਕਾਸ਼ ਹਿੱਸੋਵਾਲ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲ਼ਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਇਸ ਤਹਿਤ ਜੋਧਾਂ ਵਿਖੇ ‘ਇਨਕਲਾਬੀ ਸਮਾਗਮ’ ਕਰਵਾਇਆ ਗਿਆ। ਇਸ ਮੌਕੇ ਇਨਕਲਾਬੀ ਗਾਇਕ ਜਗਸੀਰ ‘ਜੀਦਾ’ ਜਿਥੇ ਆਪਣੇ ਇਨਕਲਾਬੀ ਗੀਤ ਅਤੇ ਬੋਲੀਆਂ ਪੇਸ਼ ਕੀਤੀਆਂ, ਉਥੇ ਹੀ ਡਾਇਰੈਕਟਰ ਪ੍ਰੋ. ਸੋਮਪਾਲ ਹੀਰਾ ਦੀ ਟੀਮ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਤ 'ਅੰਦੋਲਨਜੀਵੀ' ਨਾਮਕ ਖੂਬਸੂਰਤ ਨਾਟਕ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ‘ਮੁੰਡਾ ਚੌਂਕੀਦਾਰ ਲੱਗਿਆ’ ਫੇਮ ਅਤੇ ਮੰਚ ਦੇ ਹੀ ਕੋਆਰਡੀਨੇਟਰ ਰੋਮੀ ‘ਘੜਾਮੇ ਵਾਲਾ’ ਅਤੇ ਬੀਬਾ ਦਿਲਪ੍ਰੀਤ ਅਟਵਾਲ ਵੱਲੋਂ ਵੀ ਆਪਣੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਤਰ੍ਹਾਂ ਮੰਚ ਦੇ ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ‘ਕੈਨੇਡਾ’ ਨੇ ਜੋਧਾਂ ਇਲਾਕੇ ਦੇ ਜੁਝਾਰੂ ਲੋਕਾਂ, ਸਮੂਹ ਪੰਚਾਇਤਾਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ 'ਤੇ ਧੰਨਵਾਦ ਕੀਤਾ।