ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਸ਼ਹਿਰ ’ਚ ਕੰਮ ਕਰਨ ਵਾਲੇ ਬੈਂਕ ਕਰਮਚਾਰੀ, ਪੱਤਰਕਾਰ, ਕੋਰਟ ਕਰਮਚਾਰੀ, ਅਧਿਆਪਕ ਅਤੇ ਜਾਂ ਫਿਰ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਈਆਂ ਹਨ, ਉਹ ਕੋਰੋਨਾ ਵੈਕਸੀਨ ਲਗਵਾ ਸਕਦੇ ਹਨ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੋਰੋਨਾ ਵੈਕਸੀਨ ਮੁਹਿੰਮ ’ਚ ਪੇਸ਼ੇ ਦੇ ਆਧਾਰ ’ਤੇ ਟੀਕਾਕਰਨ ਲਈ ਕਿਸੇ ਨੂੰ ਵੀ ਪਹਿਲ ਦੇਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਪਰ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਗਏ ਇਕ ਹਲਫ਼ੀਆ ਬਿਆਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਵਿਸ਼ੇਸ਼ ਧੰਦੇ ਨਾਲ ਜੁੜਿਆ ਹਰ ਵਿਅਕਤੀ ਵੈਕਸੀਨ ਲਗਵਾ ਸਕਦਾ ਹੈ।
ਕਾਬਿਲੇਗੌਰ ਹੈ ਕਿ ਇਨ੍ਹਾਂ ਸਾਰੇ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਹੋਏ ਲੋਕਾਂ ਨੂੰ ਕੋਰੋਨਾ ਦਾ ਟੀਕਾ ਸਰਕਾਰ ਵੱਲੋਂ ਤੈਅ ਕੀਤੀ ਗਈ ਪ੍ਰਕਿਰਿਆ ਮੁਤਾਬਿਕ ਹੀ ਲਗਾਇਆ ਜਾਵੇਗਾ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਗੱਲ ਸੋਮਵਾਰ ਦੀ ਕੀਤੀ ਜਾਵੇ ਤਾਂ ਬੀਤੇ ਦਿਨ ਕੋਰੋਨਾ ਨਾਲ ਪੰਜਾਬ ’ਚ 27 ਲੋਕਾਂ ਦੀ ਜਾਨ ਚਲੀ ਗਈ ਅਤੇ 1800 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਹੁਣ ਤੱਕ ਪੰਜਾਬ ’ਚ ਇਸ ਮਹਾਂਮਾਰੀ ਨਾਲ 6100 ਦੇ ਕਰੀਬ ਲੋਕ ਜਾਨ ਗੁਆ ਚੁੱਕੇ ਹਨ।
ਉੱਥੇ ਹੀ ਜੇਕਰ ਵੈਕਸੀਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਕਾਫ਼ੀ ਹੌਲੀ ਚੱਲ ਰਹੀ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਕਾਲ ਦੌਰਾਨ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਹੋਰਨਾਂ ਵਰਕਰਾਂ ਨੂੰ ਵੀ ਟੀਕਾਕਰਨ ਦਾ ਫ਼ੈਸਲਾ ਲਿਆ ਹੈ।