ਲੁਧਿਆਣਾ: ਫਿਰੋਜ਼ ਗਾਂਧੀ ਮਾਰਕੀਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਕਾਰ ਸਵਾਰ ਨੇ ਕਾਰ ਪਾਰਕਿੰਗ ਕਰਿੰਦੇ ਉਪਰ ਕਾਰ ਚੜਾ ਦਿੱਤੀ। ਇਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ ਅਤੇ ਪਾਰਕਿੰਗ ਕਰਿੰਦਿਆਂ ਨੇ ਕਾਰ ਸਵਾਰ ਉਪਰ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਗੱਡੀ ਭਜਾਉਣ ਦੇ ਇਲਜਾਮ ਲਗਾਏ। ਦੂਜੇ ਪਾਸੇ, ਕਾਰ ਸਵਾਰ ਸਖ਼ਸ਼ ਨੇ ਕਿਹਾ ਕਿ ਉਹ ਗੱਡੀ ਇਕ ਪਾਸੇ ਲਾਉਣ ਲੱਗਾ ਸੀ, ਪਰ ਉਸ ਸਮੇਂ ਉਕਤ ਵਿਅਕਤੀ ਗੱਡੀ ਅੱਗੇ ਆ ਗਿਆ ਤੇ ਗੱਡੀ ਦਾ ਟਾਇਰ ਉਸ ਦੇ ਪੈਰ ਉੱਤੇ ਚੜ੍ਹ ਗਿਆ। ਦੋਨਾਂ ਵਿਚਾਲੇ ਕਾਫੀ ਦੇਰ ਤੱਕ ਬਹਿਸਬਾਜ਼ੀ ਹੋਈ। ਹਾਲਾਂਕਿ ਕਾਰ ਸਵਾਰ ਨੇ ਜਖਮੀ ਵਿਅਕਤੀ ਤੋਂ ਮਾਫੀ ਮੰਗੀ ਤੇ ਦੂਜੇ ਪਾਸੇ ਜਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੋਹਾਂ ਨੇ ਇੱਕ-ਦੂਜੇ 'ਤੇ ਲਾਏ ਦੋਸ਼: ਪਾਰਕਿੰਗ ਕਰਿੰਦਿਆਂ ਨੇ ਕਿਹਾ ਕਿ ਕਾਰ ਸਵਾਰ ਨੇ ਪਾਰਕਿੰਗ ਦੇ 20 ਰੁਪਏ ਨਾ ਦੇਣ ਲਈ ਗੱਡੀ ਭਜਾਈ ਅਤੇ ਜਿਸ ਨੂੰ ਪਾਰਕਿੰਗ ਕਰਿੰਦਾ ਜਦੋਂ ਰੋਕਣ ਲਈ ਅੱਗੇ ਆਇਆ, ਤਾਂ ਉਸ ਉਪਰ ਗੱਡੀ ਚੜਾ ਦਿੱਤੀ। ਇਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ। ਪਾਰਕਿੰਗ ਦੇ ਕਰਿੰਦਿਆਂ ਨੇ ਕਿਹਾ ਕਿ 2 ਘੰਟਿਆਂ ਦੇ 20 ਰੁਪਏ ਬਣਦੇ ਸਨ, ਪਰ ਕਾਰ ਸਵਾਰ ਨੇ 20 ਰੁਪਏ ਨਾ ਦੇਣ ਦੀ ਮਨਸ਼ਾ ਕਰਕੇ ਇਹ ਕਾਰਾ ਕੀਤਾ। ਜਦਕਿ, ਦੂਜੇ ਪਾਸੇ ਕਾਰ ਸਵਾਰ ਨੇ ਕਿਹਾ ਕਿ ਉਹ ਗੱਡੀ ਸਾਈਡ ਉਤੇ ਲਗਾਉਣ ਲੱਗਾ ਸੀ ਅਤੇ ਪਾਰਕਿੰਗ ਕਰਿੰਦੇ ਦੇ ਅੱਗੇ ਆ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ।
ਨਹੀਂ ਹੋਇਆ ਕੋਈ ਪੁਲਿਸ ਕੇਸ, ਕਾਰ ਚਾਲਕ ਨੇ ਮੰਗੀ ਮੁਆਫੀ: ਪਾਰਕਿੰਗ ਕਰਿੰਦੇ ਦੇ ਪੈਰ ਵਿੱਚ ਸੱਟ ਲੱਗੀ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਉਸ ਤੋਂ ਮੁਆਫੀ ਮੰਗੀ, ਹਾਲਾਂਕਿ ਕੋਈ ਪੁਲਿਸ ਕੇਸ ਤਾਂ ਨਹੀਂ ਹੋਇਆ, ਪਰ ਕਾਫੀ ਦੇਰ ਤੱਕ ਹੰਗਾਮਾ ਜ਼ਰੂਰ ਹੁੰਦਾ ਰਿਹਾ। ਇਸ ਨੂੰ ਲੈਕੇ ਲੋਕਾਂ ਦੀ ਕਾਫੀ ਭੀੜ ਇਕੱਠਾ ਹੋ ਗਈ। ਪੁਲਿਸ ਨੂੰ ਦੋਹਾਂ ਧਿਰਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।