ਲੁਧਿਆਣਾ: ਪੰਜਾਬ ਦੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (2022 Assembly Election) ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਈ ਸਿਆਸੀ ਪਾਰਟੀਆਂ ਵੱਲੋਂ ਤਾਂ ਆਪਣੇ ਉਮੀਦਵਾਰਾਂ ਦੇ ਐਲਾਨ ਵੀ ਕਰ ਦਿੱਤੇ ਗਏ ਹਨ। ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਵਿਰੋਧੀਆਂ ਨੂੰ ਘੇਰਿਆ ਵੀ ਜਾ ਰਿਹਾ ਹੈ। ਨਾਲ ਹੀ ਉਮੀਦਵਾਰਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।
ਬੇਸ਼ਕ ਯੁੱਗ ਡਿਜੀਟਲ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਪ੍ਰਚਾਰ ਲਈ ਕੀਤੀ ਜਾਂਦੀ ਹੈ ਪਰ ਅੱਜ ਵੀ ਰਵਾਇਤੀ ਢੰਗ ਨਾਲ ਉਮੀਦਵਾਰ ਝੰਡੀਆਂ, ਪਰਚੀਆਂ, ਬੈਨਰ, ਪੋਸਟਰ, ਵੱਡੇ ਵੱਡੇ ਹੋਰਡਿੰਗ, ਕੱਟ ਆਊਟ, ਬੈਚ, ਮਖੌਟੇ ਆਦਿ ਬਣਾ ਕੇ ਆਪੋ ਆਪਣੀ ਪਾਰਟੀ ਲਈ ਪ੍ਰਚਾਰ ਕਰਦੇ ਹਨ ਅਤੇ ਇਹ ਸਾਰਾ ਸਾਮਾਨ ਉੱਤਰ ਭਾਰਤ ਦੀ ਸਭ ਤੋਂ ਵੱਡੀ ਧਰਮ ਪ੍ਰਿੰਟਿੰਗ ਵਿਚ ਤਿਆਰ ਹੁੰਦਾ ਹੈ ਜਿਸ ਪਿੱਛੇ ਦਿਨ ਰਾਤ ਸੈਂਕੜੇ ਮਜ਼ਦੂਰ ਲੱਗੇ ਹੋਏ ਹਨ ਅਤੇ ਲੱਖਾਂ ਦੀ ਤਾਦਾਦ ਵਿੱਚ ਵੱਖ ਵੱਖ ਪਾਰਟੀਆਂ ਦੇ ਬੈਨਰ ਝੰਡੇ ਅਤੇ ਹੋਰ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ।
ਚੋਣਾਂ ਦੇ ਦੌਰਾਨ ਉਮੀਦਵਾਰ ਜਦੋਂ ਰੈਲੀਆਂ ਕਰਦੇ ਹਨ ਤਾਂ ਇੱਕ ਦੂਜੇ ’ਤੇ ਤੰਜ ਜ਼ਰੂਰ ਕਸਦੇ ਹਨ ਪਰ ਇੱਥੇ ਇੱਕੋ ਹੀ ਛੱਤ ਹੇਠ ਸਾਰੇ ਉਮੀਦਵਾਰ ਨਾ ਸਿਰਫ਼ ਇਕੱਠੇ ਬਹਿ ਕੇ ਚਾਹ ਪੀਂਦੇ ਹਨ ਸਗੋਂ ਆਪੋ-ਆਪਣੇ ਬੈਨਰ ਚੱਲੀਆਂ ਆਦਿ ਵੀ ਛਪਵਾਉਂਦੇ ਹਨ। ਹਾਲਾਂਕਿ ਕੋਰੋਨਾ ਮਹਾਂਮਾਰੀ ਕਰਕੇ ਪਿਛਲੇ ਸਾਲਾਂ ਨਾਲੋਂ ਕੰਮ ਘੱਟ ਜ਼ਰੂਰ ਹੈ ਨਾਲ ਹੀ ਉਮੀਦਵਾਰ ਵੀ ਡਰੇ ਹੋਏ ਹਨ ਕਿ ਜੇਕਰ ਕੋਰੋਨਾ ਮਹਾਂਮਾਰੀ ਵਧਦੀ ਹੈ, ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਕਰਕੇ ਪਾਰਟੀਆਂ ਵੱਲੋਂ ਸੀਮਿਤ ਢੰਗ ਨਾਲ ਇਹ ਸਾਮਾਨ ਤਿਆਰ ਕਰਵਾਇਆ ਜਾ ਰਿਹਾ ਹੈ।
ਸਾਡੇ ਪੱਤਰਕਾਰ ਨੇ ਜਦੋਂ ਐਮਡੀ ਪ੍ਰਵੀਨ ਚੌਧਰੀ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਸ਼ਕ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਮੈਦਾਨ ਦੇ ਵਿਚ ਇੱਕ ਦੂਜੇ ਤੇ ਸਿਆਸੀ ਤੰਜ ਕੱਸਦੇ ਰਹਿੰਦੇ ਹਨ। ਪਰ ਜਦੋਂ ਉਹ ਇੱਥੇ ਆਪੋ ਆਪਣੀ ਚੋਣ ਸਮੱਗਰੀ ਤਿਆਰ ਕਰਵਾਉਣ ਆਉਂਦੇ ਹਨ ਤਾਂ ਇਕੱਠੇ ਬਹਿ ਕੇ ਚਾਹ ਵੀ ਪੀਂਦੇ ਹਨ ਅਤੇ ਗੱਲਾਂ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਦੇ ਵਿੱਚ ਕਿਸੇ ਪਾਰਟੀ ਲਈ ਕੋਈ ਮੋਹ ਨਹੀਂ ਹੈ, ਉਨ੍ਹਾਂ ਸਿਰਫ ਕੰਮ ਤੋਂ ਮਤਲਬ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ ਅੱਜ ਤੱਕ ਕਦੇ ਅਜਿਹਾ ਨਹੀਂ ਹੋਇਆ ਕਿ ਇੱਕ ਪਾਰਟੀ ਦੀ ਚੋਣ ਸਮੱਗਰੀ ਦੂਜੀ ਪਾਰਟੀ ਕੋਲ ਚਲੀ ਗਈ ਹੋਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ।
ਪ੍ਰਵੀਨ ਚੌਧਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪ੍ਰਿੰਟਿੰਗ ਪ੍ਰੈੱਸ ਉੱਤਰ ਭਾਰਤ ਦੀ ਸਭ ਤੋਂ ਵੱਡੀ ਪ੍ਰਿੰਟਿੰਗ ਪ੍ਰੈੱਸ ਹੈ, ਜਿੱਥੇ ਸਿਰਫ ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਵੀ ਚੋਣਾਂ ਦਾ ਕੰਮ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਵਿੱਚ ਅਜਿਹੀਆਂ ਮਸ਼ੀਨਾਂ ਹਨ ਜੋ ਪੂਰੇ ਭਾਰਤ ਵਿੱਚ ਕਿਸੇ ਕੋਲ ਨਹੀਂ ਇਹ ਡਾਇਰੈਕਟ ਪ੍ਰਿੰਟ ਕੱਢਦੀਆਂ ਹਨ।
ਇਹ ਵੀ ਪੜੋ: PM Modi's Security Lapse: ਅਸ਼ਵਨੀ ਸ਼ਰਮਾ ਦੀ ਆਗਵਾਈ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸਨ