ਲੁਧਿਆਣਾ: ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਕਿਸਾਨਾਂ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ। ਸ਼ਹਿਰ ਵਿੱਚ ਫ਼ਿਰੋਜ਼ਪੁਰ ਰੋਡ 'ਤੇ ਕਿਸਾਨਾਂ ਵੱਲੋਂ ਵੱਡਾ ਜਾਮ ਲਾਇਆ ਗਿਆ ਹੈ। ਇਸ ਦੌਰਾਨ ਈਟੀਵੀ ਭਾਰਤ ਵੱਲੋਂ ਸ਼ਹਿਰ ਵਿੱਚ ਬੰਦ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਲੁਧਿਆਣਾ ਦੇ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪੁਲਿਸ ਨੇ ਪੂਰੀ ਤਰ੍ਹਾਂ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
ਡੀਸੀਪੀ ਨੇ ਕਿਹਾ ਕਿ ਪੁਲਿਸ ਨੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੈ ਕੇ ਜਗਰਾਉਂ ਤੱਕ ਦੇ ਇਲਾਕੇ ਨੂੰ ਕਵਰ ਕੀਤਾ ਗਿਆ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ 1500 ਪੁਲਿਸ ਮੁਲਾਜ਼ਮਾਂ ਦੀ ਫੋਰਸ ਤੈਨਾਤ ਕੀਤੀ ਗਈ ਹੈ, ਜਦਕਿ ਕੋਈ ਵੀ ਵਾਧੂ ਫ਼ੋਰਸ ਨਹੀਂ ਮੰਗਵਾਈ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਇਸਤੋਂ ਇਲਾਵਾ ਦੰਗਾ ਵਿਰੋਧੀ ਵਾਹਨਾਂ ਦੀ ਵੀ ਮੁੱਖ ਨਾਕਿਆਂ 'ਤੇ ਤਾਇਨਾਤੀ ਕੀਤੀ ਗਈ ਹੈ
ਡੀਸੀਪੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਬੰਦ ਦੇ ਮੱਦੇਨਜ਼ਰ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਦੁਪਹਿਰ 3-4 ਵਜੇ ਤੋਂ ਬਾਅਦ ਭਾਰਤ ਬੰਦ ਸਮਾਪਤ ਕੀਤੇ ਜਾਣ ਦੀ ਉਨ੍ਹਾਂ ਨੂੰ ਉਮੀਦ ਹੈ।