ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ (Civil Hospital Ludhiana) ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪ੍ਰੇਮ ਨਗਰ ਇਲਾਕੇ ਦੇ ਰਹਿਣ ਵਾਲੀ ਇਕ ਮਹਿਲਾ ਦੀ 15 ਦਿਨ ਦੀ ਬੱਚੀ ਨੂੰ ਕੋਈ ਸਿਵਲ ਹਸਪਤਾਲ ਤੋਂ ਚੋਰੀ ਕਰਕੇ ਲੈ ਗਿਆ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਜਦੋਂਕਿ ਰਾਣੀ ਦਾ ਸਹੁਰਾ ਅਤੇ ਪੇਕੇ ਪਰਿਵਾਰ ਇਸ ਸੰਬੰਧੀ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ।
ਦੱਸ ਦੇਈਏ ਕਿ ਸਿਵਲ ਹਸਪਤਾਲ (Civil Hospital Ludhiana) ਵਿਚ ਹੀ ਨਰਿੰਦਰ ਕੁਮਾਰ ਦੀ ਪਤਨੀ ਰਾਣੀ ਨੂੰ ਆਪ੍ਰੇਸ਼ਨ ਰਾਹੀਂ ਬੇਟੀ ਹੋਈ ਸੀ ਅਤੇ ਬੱਚੀ ਨੂੰ ਛੁੱਟੀ ਮਿਲਣ ਦੇ ਗਿਆਰਾਂ ਦਿਨ ਬਾਅਦ ਰਾਣੀ ਦੇ ਟਾਂਕੇ ਹਿੱਲ ਗਏ, ਜਿਸ ਲਈ ਪਰਿਵਾਰ ਉਸ ਨੂੰ ਸਿਵਲ ਹਸਪਤਾਲ ਵਿਖਾਉਣ ਲਿਆਇਆ।
ਜਦੋਂ ਰਾਣੀ ਬਾਥਰੂਮ ਗਈ ਤਾਂ ਆਪਣੀ ਬੇਟੀ ਨੂੰ ਆਪਣੀ ਮਾਂ ਦੇ ਹੱਥ ਚ ਦੇ ਗਈ, ਜਿਸ ਤੋਂ ਬਾਅਦ ਉਸ ਨਾਲ ਖੜ੍ਹੀ ਔਰਤ ਨੇ ਕਿਹਾ ਕਿ ਕਿਤੇ ਬੇਟੀ ਬਾਥਰੂਮ 'ਚ ਨਾ ਡਿੱਗ ਜਾਵੇ ਜਿਸ ਤੋਂ ਬਾਅਦ ਸੱਸ ਬੱਚੀ ਨੂੰ ਔਰਤ ਨੂੰ ਸੌਂਪ ਕੇ ਬਾਥਰੂਮ 'ਚ ਦੇਖਣ ਚਲੀ ਗਈ ਅਤੇ ਜਦੋਂ ਦੋਵੇਂ ਵਾਪਸ ਆਈਆਂ ਤਾਂ ਮਹਿਲਾ ਉੱਥੇ ਮੌਜੂਦ ਨਹੀਂ ਸੀ ਉਹ ਬੱਚੀ ਨੂੰ ਲੈ ਕੇ ਫ਼ਰਾਰ ਹੋ ਚੁੱਕੀ ਸੀ।
ਇਸ ਪੂਰੀ ਘਟਨਾ ਤੋਂ ਬਾਅਦ ਲੜਕੀ ਦੇ ਸਹੁਰਾ ਪਰਿਵਾਰ ਅਤੇ ਪੇਕੇ ਪਰਿਵਾਰ ਇਕ ਦੂਜੇ ਤੇ ਲਾਪ੍ਰਵਾਹੀ ਅਤੇ ਬੱਚੀ ਨੂੰ ਜਾਣਬੁੱਝ ਕੇ ਇਧਰ ਉਧਰ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਸਿਵਲ ਹਸਪਤਾਲ 'ਚ ਇਸ ਦੌਰਾਨ ਜੰਮ ਕੇ ਹੰਗਾਮਾ ਵੀ ਹੋਇਆ।
ਜਦੋਂ ਕਿ ਰਾਣੀ ਦੀ ਸੱਸ ਨੇ ਕਿਹਾ ਕਿ ਰਾਣੀ ਦਾ ਪਰਿਵਾਰ ਕੁੜੀ ਹੋਣ ਤੋਂ ਖੁਸ਼ ਸੀ। ਉਨ੍ਹਾਂ ਨੇ ਕਦੇ ਕੁੜੀ ਅਤੇ ਮੁੰਡੇ ਚ ਫਰਕ ਨਹੀਂ ਕੀਤਾ। ਉਨ੍ਹਾਂ ਨੂੰ ਨਾਨਕੇ ਪਰਿਵਾਰ ਤੇ ਹੀ ਸ਼ੱਕ ਹੋ ਰਿਹਾ ਹੈ।
ਜਦੋਂ ਕਿ ਰਾਣੀ ਦੀ ਮਾਂ ਨੇ ਕਿਹਾ ਕਿ ਬੱਚੀ ਉਸ ਦੀ ਸੱਸ ਦੇ ਕੋਲ ਸੀ ਅਤੇ ਉਸ ਕੋਲੋਂ ਹੀ ਔਰਤ ਬੱਚੀ ਲੈ ਕੇ ਚਲੀ ਗਈ।ਇਸ ਵਿੱਚ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਪੁਲਿਸ ਇਸ ਦੌਰਾਨ ਮੌਕੇ ਉਤੇ ਪਹੁੰਚੀ ਅਤੇ ਉਨ੍ਹਾਂ ਨੇ ਆ ਕੇ ਦੋਵਾਂ ਪਰਿਵਾਰਾਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕਿਸ ਦਾ ਕਸੂਰ ਹੈ ਪੁਲਿਸ ਇਸਦੀ ਪੁਸ਼ਟੀ ਜਲਦ ਹੀ ਕਰ ਲਵੇਗੀ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਡਿਵੀਜ਼ਨ ਨੰਬਰ ਦੋ ਦੇ ਅਧੀਨ ਅਣਪਛਾਤੀ ਔਰਤ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਸੀਸੀਟੀਵੀ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ: ਫਿਲੌਰ ‘ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ