ਲੁਧਿਆਣਾ: ਜ਼ਿਲ੍ਹੇ ਵਿੱਚ ਅੱਜ ਉਸੇ ਸਮੇਂ ਤਰਥੱਲੀ ਮਚ ਗਈ, ਜਦੋਂ ਲੁਧਿਆਣਾ ਸਿਵਲ ਸਰਜਨ ਰਾਜੇਸ਼ ਬੱਗਾ ਨੇ ਮੀਡੀਆ ਨੂੰ ਇਹ ਸੁਨੇਹਾ ਦਿੱਤਾ ਕਿ ਲੁਧਿਆਣਾ ਦੇ ਵਿੱਚ ਨਵੇਂ 11 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 7 ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਿੱਚੋਂ ਹਨ ਅਤੇ 4 ਮਰੀਜ਼ ਕੋਟਾ ਤੋਂ ਪਰਤੇ ਵਿਦਿਆਰਥੀਆਂ ਵਿੱਚੋਂ ਹਨ।
ਲੁਧਿਆਣਾ ਵਿੱਚ 11 ਨਵੇਂ ਕੇਸ ਆਉਣ ਤੋਂ ਬਾਅਦ ਡੀਸੀ ਵੱਲੋਂ ਇੱਕ ਹੰਗਾਮੀ ਬੈਠਕ ਸੱਦੀ ਗਈ, ਜਿਸ ਵਿੱਚ ਸਿਵਲ ਸਰਜਨ ਲੁਧਿਆਣਾ, ਡਿਪਟੀ ਕਮਿਸ਼ਨਰ ਅਤੇ ਲੁਧਿਆਣਾ ਦੇ ਮੇਅਰ ਸਣੇ ਸਾਰੇ ਪ੍ਰਸ਼ਾਸਨਿਕ ਅਫ਼ਸਰਾਂ ਨੇ ਹਿੱਸਾ ਲਿਆ ਅਤੇ ਬੈਠਕ ਤੋਂ ਬਾਅਦ ਮੀਡੀਆ ਨੂੰ ਕੁਝ ਵੀ ਕਹਿਣ ਤੋਂ ਇਨ੍ਹਾਂ ਅਧਿਕਾਰੀਆਂ ਨੇ ਸਾਫ ਇਨਕਾਰ ਕਰ ਦਿੱਤਾ।
ਇਸ ਸਬੰਧੀ ਜਦੋਂ ਲੁਧਿਆਣਾ ਸਿਵਲ ਸਰਜਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਾਫ ਕਹਿ ਦਿੱਤਾ ਕਿ ਉਹ ਸ਼ਾਮ ਤੋਂ ਬਾਅਦ ਹੀ ਇਸ ਸਬੰਧੀ ਅਧਿਕਾਰਕ ਪੁਸ਼ਟੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਾਮਲੇ ਡੀਐੱਮਸੀ ਤੋਂ ਆਈ ਹੋਈ ਰਿਪੋਰਟ 'ਚ ਪੌਜ਼ੀਟਿਵ ਪਾਏ ਗਏ ਸਨ।
ਉਧਰ ਜਦੋਂ ਉਨ੍ਹਾਂ ਦੇ ਮੈਸੇਜ਼ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਉਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੈ। ਲੁਧਿਆਣਾ ਵਿੱਚ ਨਵੇਂ ਕੇਸਾਂ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ, ਹਾਲਾਂਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸ਼ਾਮ ਤੋਂ ਬਾਅਦ ਹੀ ਕੋਈ ਪੁਸ਼ਟੀ ਕੀਤੀ ਜਾਵੇਗੀ।