ਕਪੂਰਥਲਾ: ਅਪਣੇ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਪੰਜਾਬ ਤੋਂ ਕਈ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਉਡਾਰੀ ਭਰਦੇ ਹਨ। ਕਈਆਂ ਦਾ ਇਹ ਸਫ਼ਰ ਸਫ਼ਲ ਹੋ ਜਾਂਦਾ ਹੈ, ਪਰ ਕਈ ਨੌਜਵਾਨ ਮੁੰਡੇ-ਕੁੜੀਆਂ ਅਪਣਿਆਂ ਤੇ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵਿੱਚ ਦੁਰਭਰ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਜਾਂਦੇ ਹਨ। ਫਿਰ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਸਰਕਾਰ ਜਾਂ ਰਾਜਨੀਤਕ ਨੇਤਾ ਨਾਲ ਸੰਪਰਕ ਕੀਤਾ ਜਾਂਦਾ, ਤਾਂ ਜੋ ਉਨ੍ਹਾਂ ਦੀ ਸਹੀ ਸਲਾਮਤ ਘਰ ਵਾਪਸੀ ਹੋ ਸਕੇ। ਅਜਿਹਾ ਹੀ, ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੋ 2 ਕੁੜੀਆਂ ਅਪਣਿਆਂ ਤੇ ਧੋਖੇਬਾਜ਼ ਏਜੰਟਾਂ ਦੀ ਸ਼ਿਕਾਰ ਹੋ ਗਈਆਂ।
ਅਪਣੇ ਹੀ ਰਿਸ਼ਤੇਦਾਰ ਨੇ ਦਿੱਤਾ ਧੋਖਾ : ਪੀੜਤ ਕੁੜੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਧੋਖੇ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਸਾਡੇ ਅਪਣਿਆਂ ਨੇ ਸਾਨੂੰ ਅੱਗੇ ਵੇਚ ਕੇ ਅਤੇ ਸਾਨੂੰ ਗ਼ਲਤ ਕੰਮਾਂ ਵਿੱਚ ਪਾਇਆ ਗਿਆ ਸੀ।
ਹਾਂਗਕਾਂਗ ਦਾ ਕਹਿ ਕੇ, ਸਾਨੂੰ ਸੁਲੇਮਾਨੀਆ ਵਿੱਚ ਭੇਜ ਦਿੱਤਾ ਗਿਆ। ਸਾਡੀਆਂ ਟਿਕਟਾਂ ਵੀ ਪਾੜ ਦਿੱਤੀਆਂ ਗਈਆਂ ਸਨ। ਸਾਡੇ ਪਾਸਪੋਰਟ ਵੀ ਖੋਹ ਲਏ ਗਏ ਸਨ। ਸਾਡੇ ਕੋਲੋਂ 70-70 ਹਜ਼ਾਰ ਰੁਪਏ ਵੀ ਲਏ ਗਏ ਸਨ। ਮੇਰੀ ਖੁਦ ਦੀ ਭਤੀਜੀ ਮੀਰਾ ਨੇ ਮੈਨੂੰ ਫਸਾਇਆ ਸੀ। ਜਦੋਂ ਸਾਨੂੰ ਉੱਥੇ ਦਫ਼ਤਰ ਵਿੱਚ ਭੇਜਿਆ ਗਿਆ, ਤਾਂ ਉੱਥੇ ਗਾਹਕ ਬੈਠੇ ਸੀ, ਜਿਨ੍ਹਾਂ ਨੇ ਕਿਹਾ ਕਿ ਮੈਨੂੰ ਪਸੰਦ ਹਨ। ਫਿਰ ਉਹ ਸਮਝੀਆਂ ਕਿ ਸਾਨੂੰ ਵੇਚ ਦਿੱਤਾ ਗਿਆ ਹੈ ਅਤੇ ਸਾਨੂੰ ਗ਼ਲਤ ਕੰਮਾਂ ਵਿੱਚ ਪਾਇਆ ਜਾ ਰਿਹਾ ਹੈ। ਉੱਥੇ ਲੜਕੀਆਂ ਉੱਤੇ ਬਹੁਤ ਤਸ਼ੱਦਦ ਹੁੰਦੀ ਹੈ ਤੇ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ। - ਇਰਾਕ ਵਿੱਚੋਂ ਵਾਪਸ ਪਰਤੀਆਂ ਪੀੜਤ ਕੁੜੀਆਂ
ਜਦੋਂ ਕੁੜੀਆਂ ਨੇ ਕਿਸੇ ਤਰ੍ਹਾਂ ਅਪਣੇ ਪਰਿਵਾਰ ਵਾਲਿਆਂ ਨੂੰ ਅਪਣੀ ਹਾਲਾਤਾਂ ਬਾਰੇ ਜਾਣੂ ਕਰਵਾਇਆ, ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਦੇ ਯਤਨਾਂ ਸਦਕਾਂ ਦੋਨੋਂ ਪੀੜਤਾਂ ਨੂੰ ਅਪਣੇ ਵਤਨ ਵਾਪਸ ਬੁਲਾਇਆ ਗਿਆ। ਪੀੜਤ ਕੁੜੀਆਂ ਦੇ ਪਿਤਾ ਨੇ ਵੀ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀਆਂ ਧੀਆਂ ਸਹੀ ਸਲਾਮਤ ਘਰ ਵਾਪਸ ਆ ਗਈਆਂ ਹਨ।
ਠੱਗ ਏਜੰਟਾਂ ਤੋਂ ਬਚੋ: ਸੰਤ ਸੀਚੇਵਾਲ ਨੇ ਦੱਸਿਆ ਕਿ ਲੜਕੀਆਂ ਨੂੰ ਵਾਪਸ ਭੇਜਣ ਲਈ 10-12 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਫਿਰ ਸੰਤ ਸੀਚੇਵਾਲ ਵਲੋਂ ਵਿਦੇਸ਼ ਮੰਤਰਾਲੇ ਤੇ ਸਫ਼ਾਰਤਖਾਨੇ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੀ ਮਦਦ ਨਾਲ ਕੁੜੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ। ਸੰਤ ਸੀਚੇਵਾਲ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੋਰ ਵੀ ਮੁੰਡੇ-ਕੁੜੀਆਂ ਗ਼ਲਤ ਤਰੀਕੇ ਨਾਲ ਵਿਦੇਸ਼ਾਂ ਵਿੱਚ ਨਾ ਜਾਓ ਅਤੇ ਨਾ ਹੀ ਠੱਗ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਵੋ।