ਕਪੂਰਥਲਾ : ਕਪੂਰਥਲਾ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਪਹਿਲਾਂ ਚੋਰ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਪਰ ਹੁਣ ਇਹ ਘਟਨਾਵਾਂ ਸਰਕਾਰੀ ਸਕੂਲਾਂ ਵਿੱਚ ਵੀ ਹੋ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਦੇ ਉਪਰ ਨੱਥ ਪਾਉਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਅਸਫਲ ਸਿੱਧ ਹੋ ਰਹੀ ਹੈ। ਹੁਣ ਫਿਰ ਇਕ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਪਾ ਦਿੱਤੀ ਹੈ।
ਸਕੂਲ ਦੇ ਤਾਲੇ ਤੋੜੇ : ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਦੇ ਪਿੰਡ ਸੈਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਜੁੜਿਆ ਹੋਇਆ ਹੈ, ਜਿੱਥੇ ਦੇਰ ਰਾਤ ਤਿੰਨ ਚੋਰਾਂ ਵੱਲੋਂ ਸਕੂਲ ਦੇ ਮੇਨ ਗੇਟ ਦਾ ਤਾਲਾ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈ। ਇਸ ਦੌਰਾਨ ਚੋਰਾਂ ਵੱਲੋਂ ਸਕੂਲ ਦੇ ਦੱਸ ਕਮਰਿਆਂ ਦੇ ਤਾਲੇ ਤੋੜੇ ਗਏ।
ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਸ਼ਾਸ਼ਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਚੌਂਕੀਦਾਰ ਵੱਲੋਂ ਤੜਕਸਾਰ ਦਿੱਤੀ ਗਈ ਹੈ ਅਤੇ ਉਸ ਵੱਲੋਂ ਦੱਸਿਆ ਗਿਆ ਹੈ ਕਿ ਸਕੂਲ ਦੇ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਸਕੂਲ ਪ੍ਰਸ਼ਾਸ਼ਨ ਵੱਲੋਂ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਪਤਾ ਲੱਗ ਸਕਿਆ ਕਿ ਤਿੰਨ ਨਕਾਬਪੋਸ਼ ਚੋਰਾਂ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿੰਨਾਂ ਵੱਲੋਂ ਸਕੂਲ ਦੇ ਇੱਕ ਕਮਰੇ ਵਿੱਚ ਪਿਆ ਪੱਖਾ ਚੋਰੀ ਕੀਤਾ ਗਿਆ ਹੈ। ਕਿਉਂਕਿ ਸਕੂਲ ਦੇ ਕਮਰਿਆਂ ਨੂੰ ਹੱਥੀ ਲਗਾਏ ਤਾਲੇ ਹੋਣ ਦੇ ਨਾਲ-ਨਾਲ ਹਾਈਟੈੱਕ ਤਾਲੇ ਵੀ ਲੱਗੇ ਹੋਏ ਸਨ, ਜਿਸ ਕਾਰਨ ਚੋਰਾਂ ਵੱਡੀ ਚੋਰੀ ਕਰਨ ਵਿੱਚ ਅਸਫਲ ਰਹੇ। ਇਸ ਪੂਰੀ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚਕੇ ਮੌਕੇ ਦਾ ਜਾਇਜ਼ਾ ਲੈਂਦਿਆਂ ਜਾਂਚ ਆਰੰਭ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।