ਕਪੂਰਥਲਾ : ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਰੋਕਣ ਦੀ ਘਟਨਾ ਅੱਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲ ਕੀਤੀ ਜਾਵੇ ਅਤੇ ਪਾਕਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਅਤੇ ਸਿੱਖੀ ਦੀ ਬਿਹਤਰੀ ਲਈ ਉੱਦਮ ਕੀਤੇ ਜਾਣ।
ਅੰਮ੍ਰਿਤਪਾਲ ਦੀ ਭੁੱਖ ਹੜਤਾਲ 'ਤੇ ਬੋਲੇ ਧਾਮੀ : ਕਮੇਟੀ ਪ੍ਰਧਾਨ ਨੇ ਅਸਾਮ ਵਿੱਚ ਅੰਮ੍ਰਿਤਪਾਲ ਅਤੇ ਹੋਰ ਸਿੱਖ ਕੈਦੀਆਂ ਵੱਲੋਂ ਭੁੱਖ ਹੜਤਾਲ ’ਤੇ ਕਿਹਾ ਕਿ ਕਿਸੇ ਵੀ ਸਿੱਖ ਦੀ ਮਾਰਿਆਦਾ ਨੂੰ ਠੇਸ ਪਹੁੰਚਾਉਣਾ ਠੀਕ ਨਹੀਂ ਹੈ। ਸਗੋਂ ਉਨ੍ਹਾਂ ਨੂੰ ਆਪਣਾ ਖਾਣਾ ਖੁਦ ਪਕਾਉਣ ਦਿੱਤਾ ਜਾਣਾ ਚਾਹੀਦਾ ਹੈ। ਧਾਮੀ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰ ਪ੍ਰਬੰਧਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ 'ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਅਤੇ ਗਲਤ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਿੱਖਾਂ ਦੇ ਹਰ ਮਸਲੇ ਵਿੱਚ ਸਰਕਾਰ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਮਰਜ਼ੀ ਨਾਲ ਛੱਡਿਆ ਜਥੇਦਾਰ ਨੇ ਅਹੁਦਾ : ਧਾਮੀ ਨੇ ਨਵੇਂ ਗੁਰਬਾਣੀ ਚੈਨਲ 'ਤੇ ਸ਼੍ਰੋਮਣੀ ਕਮੇਟੀ ਦੀ ਤਰਫੋਂ ਬੋਲਦਿਆਂ ਕਿਹਾ ਕਿ ਇਕ ਨਿੱਜੀ ਚੈਨਲ ਦਾ ਨਾਂ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ ਜਦੋਂਕਿ ਸ਼੍ਰੋਮਣੀ ਕਮੇਟੀ ਦਾ ਠੇਕਾ ਇਸ ਸਾਲ 23 ਜੁਲਾਈ ਤੱਕ ਪਹਿਲਾਂ ਹੀ ਤੈਅ ਹੈ ਅਤੇ ਇਸ ਲਈ ਇਕ ਕਮੇਟੀ ਬਣਾ ਦਿੱਤੀ ਗਈ ਹੈ। ਧਾਮੀ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੇ ਤਬਾਦਲੇ ਨੂੰ ਸਿਆਸੀ ਰੰਗਤ ਦੇਣ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਆਪਣਾ ਅਹੁਦਾ ਮਰਜ਼ੀ ਨਾਲ ਛੱਡਿਆ ਹੈ।