ਫਗਵਾੜਾ: ਇਥੋਂ ਨੇੜਲੇ ਪਿੰਡ ਪਾਸ਼ਟਾਂ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪਿੰਡ ਦੇ ਸਰਪੰਚ 'ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦੀ ਸੂਚਨਾ ਹੈ। ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਸਰਪੰਚ ਉਪਰ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਦੁੱਧ ਲੈਣ ਜਾ ਰਿਹਾ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਹਸਪਤਾਲ ਵਿੱਚ ਜ਼ੇਰੇ ਇਲਾਜ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ 8 ਕੁ ਵਜੇ ਘਰੋਂ ਗੁੱਜਰਾਂ ਦੇ ਡੇਰੇ ਤੋਂ ਦੁੱਧ ਲੈਣ ਲਈ ਜਾ ਰਿਹਾ ਸੀ ਕਿ ਕੁੱਝ ਹੀ ਦੂਰੀ 'ਤੇ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨਾਂ ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜ਼ਖ਼ਮੀ ਕਰਕੇ ਮੇਹਟੀਆਣੇ ਵੱਲ ਚਲੇ ਗਏ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੌਜਵਾਨ ਪਹਿਲਾਂ ਹੀ ਸੜਕ ਦੇ ਪਾਸੇ ਛੁਪੇ ਹੋਏ ਸਨ, ਜਿਨ੍ਹਾਂ ਨੇ ਮੌਕਾ ਵੇਖ ਕੇ ਹਰਜੀਤ ਸਿੰਘ ਉਪਰ ਹਮਲਾ ਕਰ ਦਿੱਤਾ। ਜ਼ਖ਼ਮੀ ਹਰਜੀਤ ਸਿੰਘ ਨੂੰ ਉਸ ਦੇ ਮੁੰਡੇ ਨੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਡੀਐਮਸੀ ਲਈ ਰੈਫ਼ਰ ਕੀਤਾ ਗਿਆ ਹੈ।
ਸਰਪੰਚ 'ਤੇ ਹਮਲੇ ਸਬੰਧੀ ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ ਨੇ ਕਿਹਾ ਕਿ ਹਮਲਾ ਸਵੇਰੇ 11 ਵਜੇ ਕੀਤਾ ਗਿਆ ਹੈ ਅਤੇ ਜ਼ਖ਼ਮੀ ਹਰਜੀਤ ਸਿੰਘ ਨੂੰ ਡੀਐਮਸੀ ਰੈਫ਼ਰ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਆਰਐਸ ਸੰਧੂ ਨੇ ਦੱਸਿਆ ਕਿ ਪਿੰਡ ਪਾਸ਼ਟਾਂ ਦੇ ਕਾਂਗਰਸੀ ਸਰਪੰਚ ਉਪਰ ਹਮਲੇ ਦੀ ਸੂਚਨਾ ਮਿਲੀ ਸੀ, ਜਿਸ 'ਤੇ ਉਹ ਹਸਪਤਾਲ ਪੁੱਜੇ ਅਤੇ ਜਾਂਚ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਹਮਲਾ 7-8 ਅਣਪਛਾਤੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਸਰਪੰਚ ਦੀ ਹਾਲਤ ਗੰਭੀਰ ਹੈ ਅਤੇ ਬਾਅਦ ਵਿੱਚ ਪਤਾ ਲੱਗ ਸਕੇਗਾ। ਲੁੱਟ ਜਾਂ ਰੰਜਿਸ਼ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।