ਕਪੂਰਥਲਾ: ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਸੰਕਟ ਦੇ ਦੌਰਾਨ ਦੇਸ਼ ਵਿੱਚ ਆਕਸੀਜਨ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ। ਕਈ ਹਸਪਤਾਲਾਂ ਤੋਂ ਆਕਸੀਜਨ ਦੀ ਘਾਟ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਮੁਸ਼ਕਲ ਸਮੇਂ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਆਪਣੇ ਆਕਸੀਜਨ ਪਲਾਂਟ ਵਿੱਚੋਂ 1210 ਕਿਲੋਗ੍ਰਾਮ ਤਰਲ ਆਕਸੀਜਨ ਦੀ ਸਪਲਾਈ ਆਕਸੀਜਨ ਦੀ ਵੱਧਦੀ ਮੰਗ ਦੀ ਪੂਰਤੀ ਲਈ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ, ਅੰਮ੍ਰਿਤਸਰ ਨੂੰ ਦਿੱਤੀ ਹੈ।
ਇਸ ਨੂੰ ਇੱਕ ਗੈਸ ਉਤਪਾਦਨ ਫਰਮ ਰਾਹੀਂ ਮੈਡੀਕਲ ਆਕਸੀਜਨ ਵੱਜੋਂ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਇਸ ਤਰਲ ਆਕਸੀਜਨ ਦੀ ਸਪਲਾਈ ਦਾ RCF ਦੇ ਕੋਚ ਉਤਪਾਦਨ ਵਿਚ ਕੁੱਝ ਪ੍ਰਭਾਵ ਪਏਗਾ, ਪਰ ਇਹ ਸਪਲਾਈ ਕੋਰੋਨਾ ਦੇ ਮਰੀਜ਼ਾਂ ਦੀਆਂ ਐਮਰਜੈਂਸੀ ਲੋੜਾਂ ਨਾਲ ਨਜਿੱਠਣ ਲਈ ਮਦਦਗਾਰ ਸਿੱਧ ਹੋਵੇਗੀ। ਆਰਸੀਐਫ ਕਈ ਕਿੱਲੋ ਲੀਟਰ ਤਰਲ ਆਕਸੀਜਨ ਸਟੋਰੇਜ ਟੈਂਕ ਨਾਲ ਲੈਸ ਹੈ, ਜੋ ਕਿ ਐਰਗੋਮਿਕਸ ਬਣਾਉਣ ਲਈ ਸਟੀਲ ਦੇ ਭਾਗ ਬਣਾਉਣ ਲਈ ਵਰਤੀ ਜਾਂਦੀ ਹੈ।
ਰੇਲ ਮੰਤਰੀ ਸ਼੍ਰੀ ਪਿਯੂਸ਼ ਗੋਇਲ ਦੇ ਨਿਰਦੇਸ਼ਾਂ 'ਤੇ, ਭਾਰਤੀ ਰੇਲਵੇ ਨੇ ਕੋਰੋਨਾ ਸੰਕਟ ਦੇ ਵਿਚਕਾਰ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਕਈ ਕਦਮ ਚੁੱਕੇ ਹਨ। ਰੇਲ ਨੇ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰ ਲਿਜਾਣ ਲਈ ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਦੇਰੀ ਨਾ ਕਰਨ ਲਈ, ਰੇਲਵੇ ਨੇ ਇੱਕ ਗਰੀਨ ਕਾਰੀਡੋਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਆਕਸੀਜਨ ਦੀ ਸਪਲਾਈ ਤੇਜ਼ੀ ਨਾਲ ਕੀਤੀ ਜਾਏਗੀ।