ਕਪੂਰਥਲਾ: ਪੰਜਾਬੀ ਗਾਇਕਾਂ ਨੂੰ ਬਲੈਕਮੇਲ ਕਰਨ ਦੀ ਸਕੀਮ ਵਿੱਚ ਇੱਕ ਨਵਾਂ ਇਲਜ਼ਾਮ ਜੁੜ ਗਿਆ ਹੈ ਅਤੇ ਹੁਣ ਨਵਾਂ ਇਲਜ਼ਾਮ ਇਹ ਸਾਹਮਣੇ ਆਇਆ ਹੈ ਕਿ ਗਾਇਕ ਦੇ ਇੱਕ ਗੀਤ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਉੱਤੇ ਪਰਚਾ ਦਰਜ ਕਰਵਾਇਆ ਜਾਵੇਗਾ,ਜੇਕਰ ਪਰਚੇ ਤੋਂ ਬਚਣਾ ਹੈ ਤਾਂ 10 ਲੱਖ ਰੁਪਏ ਦੇਣੇ ਪੈਣਗੇ। ਇਹ ਸਾਰਾ ਕੁੱਝ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਪੰਜਾਬ ਦੇ ਨਾਮੀ ਗਾਇਕ ਸਿੰਗਾ (Singer Singga) ਨੇ ਕਿਹਾ ਹੈ।
ਲਾਈਵ ਹੋਕੇ ਕੀਤੀ ਅਪੀਲ: ਸਿੰਗਾ ਨੇ ਕਿਹਾ ਕਿ ਉਸ ਖ਼ਿਲਾਫ਼ ਕਪੂਰਥਲਾ ਅਤੇ ਅਜਨਾਲਾ ਵਿੱਚ ਕੁਝ ਮਹੀਨੇ ਪਹਿਲਾਂ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਮਲੇ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉਨ੍ਹਾਂ ਕੋਲ ਪੂਰੇ ਸਬੂਤ ਹਨ ਅਤੇ ਉਨ੍ਹਾਂ ਮੁੱਖ ਮੰਤਰੀ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਲਾਈਵ ਬੋਲਦੇ ਹੋਏ ਸਿੰਗਾ ਨੇ ਕਿਹਾ ਕਿ,' 10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਹੈ ਕਿ ਮੇਰੇ ’ਤੇ ਕਪੂਰਥਲਾ ਵਿਖੇ ਧਾਰਾ 295 ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਫਿਰ 3-4 ਦਿਨਾਂ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 295 ਏ ਤਹਿਤ ਐੱਫਆਈਆਰ ਦਰਜ ਹੁੰਦੀ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸ ਦੀ ਬਣਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਦਰਜ ਕੀਤੇ ਜਾਣ ਤਾਂ ਸੋਚੋ ਆਮ ਦੁਨੀਆਂ ਦਾ ਕੀ ਬਣੇਗਾ।’’
ਪਰਿਵਾਰ ਹੋਇਆ ਪਰੇਸ਼ਾਨ: ਸਿੰਗਾ ਨੇ ਇਹ ਸਪੱਸ਼ਟ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਮਾਮਲਿਆਂ ਦੀ ਨਿਰਪੱਖ ਜਾਂਚ (Fair investigation of cases) ਕਰਵਾਉਣ ਜੇਕਰ ਸਿੰਗਾ ਖੁੱਦ ਇਨ੍ਹਾਂ ਬੇਅਦਬੀ ਦੀਆਂ ਧਰਾਵਾਂ ਤਹਿਤ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਲਜ਼ਾਮ ਲਾਉਣ ਅਤੇ ਫਿਰੌਤੀਆਂ ਮੰਗਣ ਵਾਲਿਆਂ ਉੱਤੇ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਗਾਇਕ ਸਿੰਗਾ ਨੇ ਅੱਗੇ ਕਿਹਾ ਕਿ ਇਨ੍ਹਾਂ ਪਰਚਿਆਂ ਦੀਆਂ ਗੱਲਾਂ ਕਰਕੇ ਉਸ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਣ ਉਸ ਦੇ ਮਾਪੇ ਵੀ ਪਰੇਸ਼ਾਨ ਹਨ।
- ਸਾਲ 2012 ਵਿੱਚ ਦਰਜ 200 ਕਰੋੜ ਦੇ ਡਰੱਗ ਰੈਕੇਟ ਮਾਮਲੇ 'ਚ ਮੁਲਜ਼ਮ ਰਾਜਾ ਕੰਦੋਲਾ ਬਰੀ, ਪੁਲਿਸ ਪੇਸ਼ ਨਹੀਂ ਕਰ ਸਕੀ ਸਬੂਤ
- Amritsar Police Encounter: ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਦੇ ਪਿਤਾ ਨੇ ਕਿਹਾ- ਪੁੱਤ ਤੋਂ ਤੰਗ ਹੋ ਕੇ ਕੀਤਾ ਸੀ ਉਸ ਨੂੰ ਬੇਦਖਲ
- Lehenga Ban In Gurudwara: ਆਨੰਦ ਕਾਰਜ ਵੇਲੇ ਲਾੜੀ ਦੇ ਲਹਿੰਗਾ ਪਾਉਣ 'ਤੇ ਰੋਕ, ਲਹਿੰਗਾ ਵਪਾਰੀਆਂ ਨੇ ਕਿਹਾ- ਵਪਾਰ 'ਤੇ ਅਸਰ, ਕੈਂਸਲ ਹੋ ਰਹੀਆਂ ਨੇ ਐਡਵਾਂਸ ਬੁਕਿੰਗਾਂ
ਇਸ ਮਾਮਲੇ ਸਬੰਧੀ ਐੱਸਐੱਸਪੀ ਕਪੂਰਥਲਾ (SSP Kapurthala) ਨੇ ਦੱਸਿਆ ਕਿ ਸਿੰਗਾ ਦੇ ਖਿਲਾਫ 9 ਅਗਸਤ ਨੂੰ ਉਨ੍ਹਾਂ ਦੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਐੱਸਐੱਸਪੀ ਮੁਤਾਬਿਕ ਸਿੰਗਾ ਦੇ ਇਲਜ਼ਾਮਾਂ ਬਾਰੇ ਮੀਡੀਆ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਅਤੇ ਇਸ ਸਬੰਧੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।