ਕਪੂਰਥਲਾ: ਮਾਪੇ ਆਪਣੀ ਧੀ ਦਾ ਵਿਆਹ ਬਹੁਤ ਹੀ ਚਾਵਾਂ ਲਾਡਾਂ ਨਾਲ ਕਰਦੇ ਹਨ ਅਤੇ ਲੜਕੀ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਜਾਂਦੀ ਹੈ ਪਰ ਕਈ ਲਾਲਚੀ ਪਰਿਵਾਰਾਂ ਵੱਲੋਂ ਅਕਸਰ ਹੀ ਦਾਜ ਕਰਕੇ ਨਵ ਵਿਆਹੀ ਲੜਕੀ ’ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸੁਲਤਾਨਪੁਰ ਲੋਧੀ ਦੇ ਰੂਰਲ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ (Married woman dies) ਦੀ ਭੇਦਭਰੀ ਹਲਾਤਾਂ ਚ ਮੌਤ ਹੋ ਗਈ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੱਡੀ ਗਿਣਤੀ ਚ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਰੂਰਲ ਵਿਖੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਮਾਮਲੇ ਸਬੰਧੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 10 ਮਹੀਨੇ ਪਹਿਲਾਂ ਹੀ ਹੋਇਆ ਸੀ। ਪਰ ਵਿਆਹ ਦੇ ਕੁਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗਾ ਸੀ।
ਪੀੜਤ ਪਰਿਵਾਰ ਨੇ ਸਹੁਰਾ ਪਰਿਵਾਰ ’ਤੇ ਲਗਾਇਆ ਇਲਜ਼ਾਮ
ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਨਾਲ ਪਹਿਲਾਂ ਕਈ ਵਾਰ ਕੁੱਟਮਾਰ ਵੀ ਕੀਤੀ ਜਾਂਦੀ ਰਹੀ ਹੈ ਮਾਮਲਾ ਪੰਚਾਇਤ ਤੱਕ ਵੀ ਪਹੁੰਚਿਆ ਸੀ ਜਿੱਥੇ ਸੁਲ੍ਹਾਂ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਆਪਣੀ ਧੀ ਨੂੰ ਸਹੁਰੇ ਪਰਿਵਾਰ ਨਾਲ ਭੇਜ ਦਿੱਤੀ ਸੀ ਪਰ ਹੁਣ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਕਥਿਤ ਇਲਜ਼ਾਮ (allegation) ਲਗਾਇਆ ਹੈ ਕਿ ਉਨ੍ਹਾਂ ਨੇ ਵਿਆਹੁਤਾ ਨੂੰ ਗੱਲ੍ਹ ਘੁਟ ਕੇ ਮਾਰਿਆ ਹੈ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਗਰਭਵਤੀ ਵੀ ਸੀ।
ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਐਸਐਚਓ (SHO) ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਨੂੰ ਨਿਆਂ ਦਾ ਪੂਰਾ ਭਰੋਸਾ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਹੈ ਅਤੇ ਸਿਵਲ ਹਸਪਤਾਲ ਦੇ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਸਬੰਧੀ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਪੜੋ: ਬੇਰਹਿਮ ਨੂੰਹ ਨੇ ਸੱਸ ਨੂੰ ਥੱਪੜਾਂ ਨਾਲ ਕੁੱਟਿਆ, ਮਾਮਲਾ ਦਰਜ