ਕਪੂਰਥਲਾ: ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਖੇਤਰ ਸੁਭਾਸ਼ ਨਗਰ ਚੌਕ ਵਿੱਚ ਸਥਿਤ ਐਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਦਸਵੀਂ ਵਿੱਚ ਪੜ੍ਹਨ ਵਾਲੀ ਨਾਬਾਲਿਗ ਕੁੜੀ ਦੇ ਪਰਿਵਾਰਕ ਮੈਂਬਰਾਂ ਸਕੂਲ ਵਿੱਚ ਆ ਕੇ ਸਕੂਲ ਪ੍ਰਬੰਧਨ ਅਤੇ ਟੀਚਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗ ਪਏ। ਇਸ ਕਾਰਨ ਸਕੂਲ ਨੇੜੇ ਅਫ਼ਰਾ-ਤਫ਼ਰੀ ਦਾ ਮਾਹੌਲ ਹੋ ਗਿਆ ਅਤੇ ਭਾਰੀ ਗਿਣਤੀ ਵਿੱਚ ਹੋਰ ਵੀ ਲੋਕ ਇਕੱਠੇ ਹੋ ਗਏ।
ਘਟਨਾ ਬਾਰੇ ਕੁੜੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਇਸ ਅਧਿਆਪਕ ਕੋਲ ਰੋਜ਼ਾਨਾ ਦੂਜੇ ਬੱਚਿਆਂ ਨਾਲ ਟਿਊਸ਼ਨ ਪੜ੍ਹਨ ਜਾਂਦੀ ਸੀ, ਪਰ ਬੀਤੇ ਦਿਨ ਸੋਮਵਾਰ ਸਮੇਂ ਸਿਰ ਘਰ ਨਹੀਂ ਆਈ, ਜਦੋਂ ਲੇਟ ਸਮੇਂ 'ਤੇ ਕੁੜੀ ਘਰ ਆਈ ਤਾਂ ਉਸਨੇ ਟੀਚਰ ਵੱਲੋਂ ਉਸ ਨੂੰ ਅਸ਼ਲੀਲ ਫਿਲਮ ਦਿਖਾਉਣ ਬਾਰੇ ਆਪਣੀ ਮਾਂ ਨੂੰ ਦੱਸਿਆ। ਇਸ ਦੇ ਵਿਰੋਧ ਵਿੱਚ ਉਹ ਸਕੂਲ ਅਤੇ ਅਧਿਆਪਕ ਵਿਰੁੱਧ ਸਕੂਲ ਵਿੱਚ ਇਕੱਠੇ ਹੋਏ ਹਨ।
ਅਧਿਆਪਕ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਬੋਟਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ 6-7 ਸਾਲ ਤੋਂ ਇਥੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਂਦਾ ਆ ਰਿਹਾ ਹੈ। ਇਸ ਮੌਕੇ ਬੱਚੀ ਦੇ ਮਾਪਿਆਂ ਵੱਲੋਂ ਅਤੇ ਲੋਕਾਂ ਵੱਲੋਂ ਅਧਿਆਪਕ ਨੂੰ ਫੜ ਕੇ ਉਸ ਦਾ ਮੂੰਹ ਵੀ ਕਾਲਾ ਕੀਤਾ ਗਿਆ ਅਤੇ ਕੱਪੜੇ ਫਾੜ ਦਿੱਤੇ। ਮੌਕੇ 'ਤੇ ਸੂਚਨਾ ਮਿਲਣ 'ਤੇ ਪੁਲਿਸ ਵੀ ਪੁੱਜ ਗਈ ਅਤੇ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ।
ਜਦੋਂ ਇਸ ਮਾਮਲੇ ਸਬੰਧੀ ਸਕੂਲ ਪ੍ਰਿੰਸੀਪਲ ਵੱਲੋਂ ਅਧਿਆਪਕ ਵਿਰੁੱਧ ਕਾਰਵਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਸਿਰਫ਼ ਇਹੀ ਕਿਹਾ ਕਿ ਅਧਿਆਪਕ ਨੂੰ ਸਕੂਲ ਵਿੱਚੋਂ ਫ਼ਾਰਗ ਕਰ ਦਿੱਤਾ ਜਾਵੇਗਾ।
ਥਾਣਾ ਸਿਟੀ ਐਸਐਚਓ ਨਵਦੀਪ ਸਿੰਘ ਨੇ ਕਿਹਾ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ।