ਸੁਲਤਾਨਪੁਰ ਲੋਧੀ: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਵਿਆਹ ਅਸਥਾਨ "ਗੁਰਦੁਆਰਾ ਮਾਤਾ ਦਮੋਦਰੀ ਸਾਹਿਬ" ਵਿਖੇ ਗੁਰੂ ਸਾਹਿਬ ਦੇ ਵਿਆਹ ਸਮਾਗਮ ਸਬੰਧੀ ਜੋੜ ਮੇਲਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਕੀਤੀ।
ਇਸ ਮੌਕੇ "ਗੁਰੂਦੁਆਰਾ ਮਾਤਾ ਦਮੋਦਰੀ ਸਾਹਿਬ" ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਧਰਤੀ ਨੂੰ ਕਈ ਗੁਰੂਆਂ ਤੇ ਪੀਰਾਂ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂਦੁਆਰਾ ਮਾਤਾ ਦਮੋਦਰੀ ਸਾਹਿਬ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦਾ ਅਸਥਾਨ ਹੈ। ਇਹ ਪੱਵਿਤਰ ਅਸਥਾਨ ਮਾਤਾ ਦਮੋਦਰੀ ਜੀ ਤੇ ਭਾਈ ਪਰਮ ਹੰਸ ਪਾਰੋ ਜੀ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕ ਇਸੇ ਸਥਾਨ 'ਤੇ ਭਾਈ ਪਾਰੋ ਜੀ ਜਲ ਛਕਾਉਂਦੇ ਸਨ ਤੇ ਘੁੰਗਣੀਆਂ ਦਾ ਪ੍ਰਸ਼ਾਦ ਵੀ ਵੰਡਦੇ ਸਨ। ਫਿਰ ਇਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਦਾਮੋਦਰੀ ਜੀ ਨੂੰ ਵਿਆਹੁਣ ਆਏ ਸਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ ਤਾਂ ਸੰਗਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਪਿੰਡ ਡੱਲਾ ਦੇ ਭਾਈ ਨਰਾਇਣ ਦਾਸ ਦੀ ਲੜਕੀ ਮਾਤਾ ਦਮੋਦਰੀ ਜੀ ਨਾਲ ਛੇਵੇਂ ਪਾਤਸ਼ਾਹ ਜੀ ਦਾ ਅਨੰਦ ਕਾਰਜ ਕਰਵਾਇਆ ਗਿਆ। ਇਹ ਥਾਂ ਮਾਤਾ ਦਮੋਦਰੀ ਜੀ ਦਾ ਘਰ ਸੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਇੱਥੇ ਆਉਣ 'ਤੇ ਸੰਗਤਾਂ ਵੱਲੋਂ ਬੇਨਤੀ ਕਰਨ 'ਤੇ ਬਾਉਲੀ ਸਾਹਿਬ ਬਣਾਇਆ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਪਿੰਡ ਡੱਲੇ ਦੇ ਭਾਈ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ 22 ਭਾਦੋਂ ਸੰਮਤ 1661 ਨੂੰ ਹੋਇਆ ਸੀ। ਬਰਾਤ ਵਿੱਚ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ,ਬ੍ਰਹਮ ਗਿਆਨੀ ਬਾਬਾ ਬੁੱਢਾ ਜੀ,ਭਾਈ ਗੁਰਦਾਸ ਜੀ ਸਮੇਤ ਬਹੁਤ ਸਾਰੇ ਗੁਰਸਿੱਖਾਂ ਨੇ ਹਾਜ਼ਰੀ ਭਰੀ।