ਕਪੂਰਥਲਾ: ਖੇਤੀ ਕਾਨੂੰਨਾਂ (Agricultural laws ) ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਦਿਨ ਰਾਤ ਡਟੇ ਹੋਏ ਹਨ ਪਰ ਇਸ ਸਭ ਦੇ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਇਸ ਕਿਸਾਨੀ ਸੰਘਰਸ਼ ਦੇ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ। ਮਾਮਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦਾ ਹੈ ਜਿੱਥੇ ਬੀਜੇਪੀ ਸਰਕਾਰ ਦਾ ਵਿਰੋਧ ਕਰਦਿਆਂ ਕੁਝ ਕਿਸਾਨਾਂ ਉੱਪਰ ਬੀਜੇਪੀ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਦੇ ਵਿੱਚ ਕਈ ਕਿਸਾਨਾਂ ਦੀ ਮੌਤ ਹੋ ਗਈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਆਗੂ ਵੱਲੋਂ ਇਸ ਵਿਰੋਧ ਦੇ ਦੌਰਾਨ ਫਾਇਰਿੰਗ ਵੀ ਕੀਤੀ ਗਈ ਸੀ। ਇਸ ਘਟਨਾ ਮਗਰੋਂ ਦੇਸ਼ ਭਰ ਦੇ ਕਿਸਾਨਾਂ ਵਿੱਚ ਭਾਰੀ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਹਲਕਾ ਦੇ ਕਿਸਾਨਾਂ ਵਿੱਚ ਵੀ ਭਾਰੀ ਰੋਸ ਵੇਖਣ ਨੂੰ ਮਿਲਿਆ।
ਸੰਯੁਕਤ ਕਿਸਾਨ ਮੋਰਚੇ (SKM) ਦੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਬੀਜੇਪੀ ਸਰਕਾਰ ਕਾਤਲਾਂ ਦੀ ਸਰਕਾਰ ਹੈ ਜੋ ਲਖੀਮਪੁਰ ਵਾਲੀ ਘਟਨਾ ਤੋਂ ਸਪਸ਼ਟ ਹੋ ਚੁੱਕਾ ਹੈ। ਇਸ ਘਟਨਾ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਗਹਿਰਾ ਸਦਮਾ ਦਿੱਤਾ ਹੈ।
ਓਧਰ ਦੂਜੇ ਪਾਸੇ ਪੰਜਾਬ ਦੇ ਮੌਜੂਦਾ ਡਿਪਟੀ ਸੀ ਐਮ ਸੁਖਜਿੰਦਰ ਰੰਧਾਵਾ ਨੇ ਤਾਂ ਇਸ ਘਟਨਾ ਨੂੰ ਜਲ੍ਹਿਆਂਵਾਲਾ ਬਾਗ ਦੀ ਘਟਨਾ ਵਾਂਗ ਦੱਸਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਕਿਸਾਨ ਮਾਰੂ ਨੀਤੀਆਂ ਦੇ ਤਹਿਤ ਚੱਲ ਰਹੀ ਹੈ ਜੋ ਕਿ ਨਿੰਦਣਯੋਗ ਹੈ। ਕਿਸਾਨਾਂ ਨੇ ਬੀਜੇਪੀ ਆਗੂ ਅਜੇ ਮਿਸ਼ਰਾ ਅਤੇ ਉਸਦੇ ਬੇਟੇ ਮੋਨੂ ਮਿਸ਼ਰਾ ਤੇ ਅਸੀਸ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ (Demand for arrest) ਕਰਦਿਆਂ ਉਨ੍ਹਾਂ ਉੱਤੇ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਸੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਲਤਾਨਪੁਰ ਲੋਧੀ ਹਲਕਾ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਚਿਤਾਵਨੀ ਵੀ ਜਾਰੀ ਕੀਤੀ ਗਈ ਜੇਕਰ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਉੱਤੇ ਗੋਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਜਾਣੋ, ਕਿੰਨੇ ਮੁਆਵਜ਼ੇ 'ਤੇ ਮੰਨ੍ਹੇ ਕਿਸਾਨ ਤੇ ਕੀ ਮਿਲਿਆ ਯੂਪੀ ਸਰਕਾਰ ਤੋਂ ਭਰੋਸਾ ?