ਕਪੂਰਥਲਾ : ਸੂਬੇ 'ਭਰ ਵਿੱਚ ਬਾਰਿਸ਼ ਤੋਂ ਬਾਅਦ ਆਮ ਲੋਕਾਂ ਨੂੰ ਗਰਮੀ ਤੋਂ ਤਾਂ ਨਿਜਾਤ ਮਿਲ ਰਹੀ ਹੈ, ਪਰ ਇਸ ਕਾਰਨ ਕਈ ਲੋਕਾਂ ਨੂੰ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ 'ਚ ਮੁੱਖ ਤੌਰ 'ਤੇ ਬਾਰਿਸ਼ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣਾ ਅਤੇ ਸੜਕਾਂ ਦਾ ਸੀਵਰੇਜ ਬੰਦ ਹੋਣਾ। ਅਜਿਹੀ ਹੀ ਸਮੱਸਿਆ ਕਾਰਨ ਕਪੂਰਥਲਾ ਦੇ ਲੋਕਾਂ ਨੂੰ ਆ ਰਹੀ ਹੈ। ਲੋਕਾਂ ਨੂੰ ਇਥੇ ਪਾਣੀ ਦੇ ਨਾਲ-ਨਾਲ ਇਕ ਹੋਰ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ ਅਤੇ ਉਹ ਹੈ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਕੂੜੇ ਦੇ ਢੇਰ।
ਬਰਸਾਤ ਦੇ ਪਾਣੀ ਵਿੱਚ ਇਕੱਠਾ ਹੋਇਆ ਕੂੜਾ ਦੇ ਰਿਹਾ ਬਿਮਾਰੀਆਂ ਨੂੰ ਸੱਦਾ : ਬਰਸਾਤ ਤੋਂ ਬਾਅਦ ਇਕੱਠੇ ਹੋਏ ਪਾਣੀ 'ਚ ਰਲਿਆ ਇਹ ਕੂੜਾ ਆਮ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਗੰਦਗੀ ਨਾਲ ਲੋਕਾਂ ਨੂੰ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕ ਪ੍ਰਸ਼ਾਸਨ ਨੂੰ ਇਸ ਤਰਸਯੋਗ ਸਥਿਤੀ ਨਾਲ ਨਜਿੱਠਣ ਲਈ ਬੇਨਤੀਆਂ ਕਰ ਰਹੇ ਹਨ, ਜਦਕਿ ਦੂਜੇ ਪਾਸੇ ਜ਼ਿੰਮੇਵਾਰ ਨਗਰ ਨਿਗਮ ਕਪੂਰਥਲਾ ਦੇ ਸਾਰੇ ਅਧਿਕਾਰੀ ਅਤੇ ਮੇਅਰ ਇਸ ਸਭ ਕੁਝ ਲਈ ਕੈਮਰੇ ਦੇ ਸਾਹਮਣੇ ਚੁੱਪ ਧਾਰੀ ਹੋਈ ਹੈ।
ਇਲਾਕਾ ਵਾਸੀਆਂ ਵਿੱਚ ਰੋਸ : ਇਸ ਮੌਕੇ ਗੱਲਬਾਤ ਕਰਨ ਉਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਕੂੜਾ ਬਾਜ਼ਾਰ ਵਿੱਚ ਪਿਆ ਹੈ। ਇਸ ਕੂੜੇ ਤੋਂ ਉਠਦੀ ਬਦਬੂ ਕਾਰਨ ਪੂਰੇ ਇਲਾਕੇ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆ ਕੇ ਇਸ ਸਬੰਧੀ ਕੋਈ ਵੀ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਫੌਰੀ ਤੌਰ ਉਤੇ ਹੱਲ ਕੀਤਾ ਜਾਵੇ।
ਦੁਕਾਨਦਾਰ ਦੁਖੀ : ਬਾਜ਼ਾਰ ਵਿੱਚ ਪਏ ਕੂੜੇ ਦੀ ਸਮੱਸਿਆ ਤੋਂ ਤੰਗ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਲੱਗਿਆ ਇਹ ਕੂੜੇ ਦਾ ਢੇਰ ਉਨ੍ਹਾਂ ਦੀ ਦੁਕਾਨਦਾਰੀ ਉਤੇ ਡਾਹਢਾ ਅਸਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂੜੇ ਕਾਰਨ ਉਨ੍ਹਾਂ ਦੀ ਦੁਕਾਨ ਵਿੱਚ ਗਾਹਕ ਜਾਂ ਤਾਂ ਆਉਂਦੇ ਹੀ ਨਹੀਂ, ਜੇਕਰ ਆ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੂੰਹ ਢੱਕਣਾ ਪੈਂਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕਮੇਟੀ ਪ੍ਰਧਾਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਪਰ ਕੋਈ ਵੀ ਹੱਲ ਨਹੀਂ ਹੋ ਰਿਹਾ।