ਸੁਲਤਾਨਪੁਰ ਲੋਧੀ: ਜਿੱਥੇ ਕਾਂਗਰਸ ਤੋਂ ਨਵਤੇਜ ਸਿੰਘ ਚੀਮਾ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ, ਉੱਥੇ ਹੀ, ਕਾਂਗਰਸ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਨੂੰ ਅਜ਼ਾਦ ਉਮੀਦਵਾਰ ਵੱਲੋ ਐਲਾਨਿਆ ਗਿਆ ਹੈ। ਇਸ ਦੇ ਵਜੋਂ ਨਵਤੇਜ ਸਿੰਘ ਚੀਮਾ ਦੇ ਪਿੰਡੋਂ ਹੀ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਨਵਤੇਜ ਸਿੰਘ ਚੀਮਾ ਦੇ ਪਿੰਡ ਵਿੱਚ ਵੱਡੀ ਗਿਣਤੀ 'ਚ ਇੱਕਠ ਕੀਤਾ।
ਚੋਣ ਪ੍ਰਚਾਰ ਲਈ ਪਹੁੰਚੇ ਪਿਤਾ ਰਾਣਾ ਗੁਰਜੀਤ ਸਿੰਘ ਨਾਲ ਪਹੁੰਚੇ ਇੰਦਰ ਪ੍ਰਤਾਪ ਸਿੰਘ ਨੇ ਵੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ, ਨਵਤੇਜ ਚੀਮਾ ਦੇ ਹਲਕੇ ਦੇ ਪਿੰਡ ਵਾਸੀਆਂ ਨੇ ਵੀ ਇੰਦਰ ਪ੍ਰਤਾਪ ਦਾ ਸਮਰਥਨ ਕੀਤਾ।
ਕਾਂਗਰਸ ਦੀ ਕਾਟੋ ਕਲੇਸ਼ ਵਿਚਾਲੇ ਦੋਆਬੇ ਦੇ ਚਾਰ ਵਿਧਾਇਕਾਂ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਰੁੱਧ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਦੇ ਬਾਵਜੂਦ ਵੀ ਵੀਰਵਾਰ ਨੂੰ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਇੰਦਰ ਪ੍ਰਤਾਪ ਦੇ ਹੱਕ ਵਿੱਚ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਵਿਰੋਧ ਵਿੱਚ ਹਲਕਾ ਸੁਲਤਾਨਪੁਰ ਲੋਧੀ ਆ ਕੇ, ਨਵਤੇਜ ਸਿੰਘ ਚੀਮਾ ਦੇ ਪਿੰਡ 'ਚ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਨਵਤੇਜ ਸਿੰਘ ਚੀਮਾ ਉਤੇ ਗੰਭੀਰ ਦੋਸ਼ ਵੀ ਲਾਏ ਅਤੇ ਨਵਤੇਜ ਸਿੱਧੂ ਨੂੰ ਚੈਲੰਜ ਕਰਦੇ ਹੋਈ ਵੱਡੀ ਗੱਲ ਵੀ ਕਹਿ ਗਏ। ਉਨ੍ਹਾਂ ਕਿਹਾ ਕਿ, "ਜੇਕਰ ਮੇਰਾ ਪੁੱਤਰ ਇੰਦਰ ਪ੍ਰਤਾਪ ਸਿੰਘ, ਨਵਤੇਜ ਸਿੰਘ ਚੀਮਾ ਨਾਲੋਂ ਘੱਟ ਵੋਟਾਂ ਹਾਸਲ ਕਰੇਗਾ, ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।"
ਖੈਰ, ਕੌਣ ਰਾਜਨੀਤੀ ਛੱਡੇਗਾ ਅਤੇ ਕੌਣ ਲੋਕਾਂ ਨਾਲ ਕੀਤੇ ਵਾਅਦਿਆਂ ਉੱਤੇ ਖ਼ਰਾ ਉਤਰੇਗਾ, ਇਸ ਉੱਤੇ ਆਉਣ ਵਾਲੀਆਂ ਚੋਣਾਂ ਵਿੱਚ ਵੋਟਿੰਗ ਕਰਦੇ ਹੋਏ ਲੋਕਾਂ ਨੇ ਹੀ ਅਸਲ ਵਿੱਚ ਮੋਹਰ ਲਗਾ ਦੇਣੀ ਹੈ ਅਤੇ ਜਲਦ ਹੀ ਸਾਰੀ ਤਸਵੀਰ ਵੀ ਸਾਫ਼ ਹੋ ਜਾਵੇਗੀ।
ਇਹ ਵੀ ਪੜ੍ਹੋ : ED ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਪਹੁੰਚ