ਜਲੰਧਰ: ਕਸਬਾ ਸ਼ਾਹਕੋਟ ਵਿੱਚ ਦੀਵਾਲੀ ਵਾਲੇ ਦਿਨ ਹੋਈ ਕੁੱਟਮਾਰ ਦੀ ਰੰਜਿਸ਼ ਨੂੰ ਲੈ ਕੇ ਕੁੱਝ ਹਥਿਆਰਬੰਦ ਨੌਜਵਾਨਾਂ ਵੱਲੋਂ ਬੁੱਧਵਾਰ ਚਲਦੇ ਬਾਜ਼ਾਰ ਵਿੱਚ ਜਾਨਲੇਵਾ ਹਮਲਾ ਕਰਦੇ ਹੋਏ ਇੱਕ ਨੌਜਵਾਨ ਦਾ ਹੱਥ ਵੱਢ ਦਿੱਤਾ ਗਿਆ ਹੈ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਆਪਣੇ ਭਰਾ ਨਾਲ ਸ਼ਾਹਕੋਟ ਤੋਂ ਦਵਾਈ ਲੈ ਕੇ ਪਰਤ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਐਫ਼ਆਈਆਰ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਸਰੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਜ਼ੇਰੇ ਇਲਾਜ ਸਨੀ ਨੇ ਦੱਸਿਆ ਕਿ ਸ਼ਾਹਕੋਟ ਵਾਸੀ ਇੱਕ ਕੁੜੀ ਦੇ ਨਾਲ ਉਸਦੀ ਸਕੂਲ ਸਮੇਂ ਤੋਂ ਦੋਸਤੀ ਸੀ। ਪਿਛਲੇ ਦਿਨੀ ਕੁੜੀ ਦੀ ਮਾਸੀ ਦਾ ਮੁੰਡਾ ਉਨ੍ਹਾਂ ਕੋਲ ਆਇਆ ਹੋਇਆ ਸੀ, ਤਾਂ ਕੁੜੀ ਨੇ ਮੁੰਡੇ ਵੱਲੋਂ ਫ਼ੋਨ ਕਰਕੇ ਉਸ ਨੂੰ ਛੇੜਨ ਦੀ ਗੱਲ ਕਹੀ। ਇਸ 'ਤੇ ਗੁੱਸੇ ਵਿੱਚ ਉਸ ਨੇ ਮੁੰਡੇ ਦੀ ਕੁੱਟਮਾਰ ਕੀਤੀ ਸੀ, ਜਿਸਦੀ ਵਜ੍ਹਾ ਕਾਰਨ ਅੱਜ ਕੁੜੀ ਦੇ ਭਰਾ ਤੇ ਮੁੰਡੇ ਨੇ ਕੁੱਝ ਹੋਰਨਾਂ ਮੁੰਡਿਆਂ ਨਾਲ ਰਲ ਕੇ ਉਸ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦਾ ਹੱਥ ਕੱਟਿਆ ਗਿਆ।
ਮਾਮਲੇ ਬਾਰੇ ਡੀਐਸਪੀ ਬੀਰਇੰਦਰਪਾਲ ਸਿੰਘ ਨੇ ਦੱਸਿਆ ਕਿ ਸੰਨੀ ਤੇ ਉਸਦਾ ਭਰਾ ਦਵਾਈ ਲੈਣ ਸ਼ਾਹਕੋਟ ਆਏ ਸਨ ਤਾਂ ਇਸ ਦੌਰਾਨ ਕਥਿਤ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਕਥਿਤ ਦੋਸ਼ੀਆਂ ਨੇ ਜਦੋਂ ਸਨੀ ਦੇ ਸਿਰ 'ਤੇ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਨੇ ਹੱਥ ਅੱਗੇ ਕਰ ਦਿੱਤਾ। ਸਿੱਟੇ ਵੱਜੋ ਉਸਦਾ ਹੱਥ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਖ਼ੁਦ ਆਪਣਾ ਕੱਟਿਆ ਹੋਇਆ ਹੱਥ ਚੁੱਕ ਕੇ ਸਿਵਲ ਹਸਪਤਾਲ ਪੁੱਜਿਆ।
ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਸਨੀ ਦੇ ਭਰਾ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਕਥਿਤ ਦੋਸ਼ੀ ਸੱਤੂ, ਸਮਾਈਲ, ਸਦੀ ਅਤੇ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਵਿਸ਼ਾਲ ਕੁਮਾਰ ਜੋ ਸਿਵਲ ਹਸਪਤਾਲ ਜ਼ੇਰੇ ਇਲਾਜ ਹੈ, ਦੀ ਗ੍ਰਿਫਤਾਰੀ ਲਈ ਹਸਪਤਾਲ ਬਾਹਰ ਗਾਰਦ ਲਾਈ ਗਈ ਹੈ। ਇਸਤੋਂ ਇਲਾਵਾ ਮਾਮਲੇ ਵਿੱਚ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।