ਜਲੰਧਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਏ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਹਾਲੇ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਦੇਖਣ ਨੂੰ ਮਿਲ ਰਿਹਾ ਤੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਬਿੱਲਾਂ ਦੇ ਬਾਰੇ ਕੋਈ ਵੀ ਨਤੀਜਾ ਨਹੀਂ ਨਿਕਲ ਰਿਹਾ। ਇਸ ਦੇ ਚੱਲਦਿਆਂ, ਫਿਲੌਰ ਦੇ ਪਿੰਡ ਅੱਪਰਾ ਵਿਖੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਹੋਇਆ ਪਿੰਡ ਦੀਆਂ ਮਹਿਲਾਵਾਂ ਅਤੇ ਕਿਸਾਨ ਵੀਰਾਂ ਵੱਲੋਂ ਪੈਦਲ ਮਾਰਚ ਕੱਢਿਆ ਗਿਆ।
ਇਹ ਰੈਲੀ ਅੱਪਰਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਹੁੰਦੇ ਹੋਏ ਵੱਖ ਵੱਖ ਪੜਾਅ ਤੋਂ ਹੋ ਕੇ ਵਾਪਸ ਗੁਰਦੁਆਰਾ ਸਿੰਘ ਸਭਾ ਆ ਕੇ ਸਮਾਪਤ ਹੋਈ। ਇਸ ਮਾਰਚ ਵਿੱਚ ਵੱਧ ਚੜ੍ਹ ਕੇ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਮੋਦੀ ਸਰਕਾਰ 'ਤੇ ਬੋਲਦੇ ਹੋਏ ਕਿਹਾ ਕਿ ਇਸ ਸਰਕਾਰ ਨੂੰ ਕਿਸਾਨਾਂ ਦਾ ਦਰਦ ਨਹੀਂ ਦਿਖ ਰਿਹਾ ਅਤੇ ਇਹ ਸਰਕਾਰ ਕਿਸਾਨਾਂ ਨੂੰ ਡੋਬਣ 'ਤੇ ਤੁਲੀ ਹੋਈ ਹੈ। ਠੰਢ ਵਿੱਚ ਬੈਠੇ ਹੋਏ ਕਿਸਾਨ ਹਾਲੇ ਵੀ ਉਥੇ ਸੰਘਰਸ਼ ਕਰ ਰਹੇ ਹਨ, ਪਰ ਮੋਦੀ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਹਾਲੇ ਤੱਕ ਨਹੀਂ ਮੰਨ ਰਹੀ। ਕਿਸਾਨ ਬੀਬੀਆਂ ਨੇ ਵੀ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਜੋ ਕਰ ਰਹੀ ਹੈ, ਉਹ ਸਰਾਸਰ ਗ਼ਲਤ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ 'ਚ ਹੋਰ ਕਿਸਾਨ ਵੀ ਸੜਕਾਂ 'ਤੇ ਆ ਜਾਣਗੇ।
ਇਸ ਮੌਕੇ ਬੋਲਦੇ ਹੋਏ ਕਿਸਾਨ ਵੀਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ਵਿਚ ਉਹ ਹਰ ਪੱਖ ਖੜੇ ਰਹਿਣਗੇ ਅਤੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨਗੇ। ਇਸ ਬਿਲ ਦੇ ਵਿਰੋਧ ਵਿੱਚ ਹੁਣ ਮਹਿਲਾਵਾਂ ਵੀ ਉੱਤਰੀਆਂ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਾਫ਼ੀ ਬੜ੍ਹਾਵਾ ਮਿਲਿਆ ਹੈ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ।
ਫਿਲਹਾਲ ਕਿਸਾਨਾਂ ਵੱਲੋਂ ਜੰਮ ਕੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਰ ਵਰਗ ਦੇ ਲੋਕ ਵੀ ਮੌਜੂਦ ਹਨ।